ਦਿੱਲੀ ਵਿੱਚ ਸੀ ਐੱਨ ਜੀ ਦੀਆਂ ਕੀਮਤਾਂ ਵਧਣ ਤੋਂ ਬਾਅਦ ਟਰਾਂਸਪੋਰਟ ਯੂਨੀਅਨਾਂ ਨੇ ਆਟੋ-ਰਿਕਸ਼ਾ ਦਾ ਕਿਰਾਇਆ ਤੁਰੰਤ ਵਧਾਉਣ ਦੀ ਮੰਗ ਕੀਤੀ ਹੈ। ਯੂਨੀਅਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਉਹ 9 ਸਤੰਬਰ ਨੂੰ ਹੜਤਾਲ ਤੋਂ ਕਰਨਗੇ। ਆਟੋ ਰਿਕਸ਼ਾ ਐਸੋਸੀਏਸ਼ਨ ਅਤੇ ਦਿੱਲੀ ਪ੍ਰਦੇਸ਼ ਟੈਕਸੀ ਯੂਨੀਅਨ ਦੇ ਜਨਰਲ ਸਕੱਤਰ ਰਾਜੇਂਦਰ ਸੋਨੀ ਨੇ ਮੰਗ ਕੀਤੀ ਕਿ ਦਿੱਲੀ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਆਟੋ ਅਤੇ ਟੈਕਸੀ ਦੇ ਕਿਰਾਏ ਤੁਰੰਤ ਪ੍ਰਭਾਵ ਨਾਲ ਵਧਾਉਣੇ ਚਾਹੀਦੇ ਹਨ, ਕਿਉਂਕਿ ਅੱਜ ਸੀ ਐੱਨ ਜੀ ਦੀਆਂ ਕੀਮਤਾਂ ਵਿੱਚ 3.89 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਡਰਾਈਵਰਾਂ ’ਤੇ ਅਚਾਨਕ ਵਿੱਤੀ ਬੋਝ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਕਾਰਨ ਆਟੋ ਚਾਲਕਾਂ ਨੂੰ ਗੁਜ਼ਾਰਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਸੀ ਐੱਨ ਜੀ ਦੀਆਂ ਕੀਮਤਾਂ ਵਿੱਚ ਲਗਪਗ 10-11 ਰੁਪਏ ਦਾ ਵਾਧਾ ਹੋਇਆ ਹੈ। ਸੋਨੀ ਨੇ ਕਿਹਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਰਾਇਆ ਵਧਾਉਣਾ ਚਾਹੀਦਾ ਹੈ ਜਾਂ ਸੀ ਐੱਨ ਜੀ ਦੀਆਂ ਕੀਮਤਾਂ ’ਤੇ ਸਬਸਿਡੀ ਦੇਣੀ ਚਾਹੀਦੀ ਹੈ। ਜੇਕਰ ਕਿਰਾਇਆ ਨਹੀਂ ਵਧਾਇਆ ਗਿਆ ਤਾਂ ਉਹ ਨੌਂ ਸਤੰਬਰ ਨੂੰ ਹੜਤਾਲ ਕਰਨਗੇ।
ਆਲ ਇੰਡੀਆ ਮੋਟਰ ਐਂਡ ਗੁਡਜ਼ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਵੀ ਸੀ ਐੱਨ ਜੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਨੋਟਿਸ ਲਿਆ। ਐਸੋਸੀਏਸ਼ਨ ਦੇ ਪ੍ਰਧਾਨ ਰਾਜੇਂਦਰ ਕਪੂਰ ਨੇ ਕਿਹਾ ਕਿ ਦਿੱਲੀ-ਐੱਨ ਸੀ ਆਰ ਵਿੱਚ ਸੀ ਐੱਨ ਜੀ ਦੀਆਂ ਕੀਮਤਾਂ ਵਿੱਚ ਅਚਾਨਕ 3.89 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਸਿਰਫ਼ ਬਾਲਣ ਦੀ ਜ਼ਿਆਦਾ ਲਾਗਤ ਦਾ ਮਾਮਲਾ ਨਹੀਂ ਹੈ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ੍ਹ, ਟਰਾਂਸਪੋਰਟ ਉਦਯੋਗ ਅਤੇ ਆਖਰਕਾਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ’ਤੇ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਵਾਧੇ ਦੇ ਨਾਲ ਦਿੱਲੀ ਵਿੱਚ ਸੀ ਐੱਨ ਜੀ ਦੀ ਕੀਮਤ ਹੁਣ 86.98 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਯੂਨੀਅਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਸੰਘਰਸ਼ ਕਰਨਗੇ।
ਇੰਦਰਪ੍ਰਸਥ ਗੈਸ ਲਿਮਟਿਡ ਅਨੁਸਾਰ ਅੱਜ ਤੋਂ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਸੀ ਐੱਨ ਜੀ ਦੀ ਕੀਮਤ 3.89 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਗਈ ਹੈ। ਕੰਪਨੀ ਨੇ ਦੱਸਿਆ ਕਿ ਸੀ ਐੱਨ ਜੀ ਲਈ ਜ਼ਰੂਰੀ ਗੈਸ ਦਾ ਇੱਕ ਵੱਡਾ ਹਿੱਸਾ ਐੱਲ ਐਨ ਜੀ ਤੋਂ ਪੂਰਾ ਕੀਤਾ ਜਾ ਰਿਹਾ ਸੀ, ਜਿਸ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ।

