EID ’ਤੇ ਹੋਣ ਵਾਲੀ DU ਪ੍ਰੀਖਿਆ ਦਾ ਵਿਰੋਧ
ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ; 28 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ
ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬਕਰੀਦ ’ਤੇ ਪ੍ਰੀਖਿਆ ਕਰਵਾਉਣ ਦੇ ਫ਼ੈਸਲੇ ਤੋਂ ਬਾਅਦ ‘ਆਇਸਾ’ ਦੀ ਦਿੱਲੀ ਯੂਨੀਵਰਸਿਟੀ ਇਕਾਈ ਨੇ ਲਾਅ ਕਾਲਜ ਦੇ ਵਿਦਿਆਰਥੀਆਂ ਨਾਲ ਮਿਲ ਕੇ ਪ੍ਰੀਖਿਆ ਸ਼ਾਖਾ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਵਿੱਚ 28 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਗਈ। ਆਇਸਾ ਵੱਲੋਂ ਬਕਰੀਦ ਨੂੰ ਸਰਕਾਰੀ ਗਜ਼ਟਿਡ ਛੁੱਟੀ ਵਜੋਂ ਸਵੀਕਾਰ ਕਰਨ ਦੇ ਬਾਵਜੂਦ ਇਮਤਿਹਾਨ ਕਰਵਾਉਣ ਦੀ ਨਿਖੇਧੀ ਕੀਤੀ ਗਈ।
ਵਿਦਿਆਰਥੀਆਂ ਦੇ ਇਕੱਠ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਨਿੱਜੀ ਗਾਰਡਾਂ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਵਾਲੇ ਗੇਟ ਅੱਗੇ ਤਾਇਨਾਤ ਕਰ ਦਿੱਤਾ। ਇਸ ਕਰ ਕੇ ਵਿਦਿਆਰਥੀ ਅਤੇ ਗਾਰਡਾਂ ਵਿੱਚ ਧੱਕਾ ਮੁੱਕੀ ਵੀ ਹੋਈ। ਵਿਦਿਆਰਥੀ ਜਥੇਬੰਦੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਧਰਮ-ਨਿਰਪੱਖ ਲੋਕਤੰਤਰੀ ਮੁੱਲਾਂ ਅਤੇ ਸਮਾਵੇਸ਼ੀ ਢੰਗ ਨਾਲ ਪ੍ਰਬੰਧ ਚਲਾਉਣਾ ਚਾਹੀਦਾ ਹੈ।
ਯੂਨੀਵਰਸਿਟੀ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਾਈ ਕੋਰਟ ਦੇ ਆਦੇਸ਼ ਦੀ ਉਡੀਕ ਕਰਨ ਲਈ ਕਿਹਾ। ਅਧਿਕਾਰੀਆਂ ਨੇ ਕਿਹਾ ਕਿ ਉਹ ਪ੍ਰੀਖਿਆ ਸ਼ਡਿਊਲ ਬਾਰੇ ਕੁਝ ਨਹੀਂ ਕਰ ਸਕਦੇ ਪਰ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਸੀ ਕਿਉਂਕਿ ਐੱਲ ਸੀ I ਅਤੇ II ਦੇ ਪ੍ਰੀਖਿਆ ਸ਼ਡਿਊਲ ਨੂੰ ਛੋਟੇ ਨੋਟਿਸਾਂ ਨਾਲ ਕਈ ਵਾਰ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡੀਨ ਨੇ ਖੋਖਲੇ ਭਰੋਸੇ ਦਿੱਤੇ ਕਿ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਦੁਬਾਰਾ ਪ੍ਰੀਖਿਆਵਾਂ ਦੀ ਮੰਗ ਕੀਤੀ ਗਈ ਹੈ। ਏ ਆਈ ਐੱਸ ਏ ਡੀ ਯੂ ਦੇ ਪ੍ਰਧਾਨ ਸਾਵੀ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਦਲੀਲ ਦਿੱਤੀ ਕਿ ਈਦ ਦੇ ਤਿਉਹਾਰ ਵਾਲੇ ਦਿਨ ਪ੍ਰੀਖਿਆਵਾਂ ਦੀ ਸਮਾਂ-ਸਾਰਣੀ ਯੂਨੀਵਰਸਿਟੀ ਦੀ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਪ੍ਰਤੀ ਬੇਰੁਖ਼ੀ ਨੂੰ ਦਰਸਾਉਂਦੀ ਹੈ ਅਤੇ ਇਹ ਸਪੱਸ਼ਟ ਤੌਰ ’ਤੇ ਉਨ੍ਹਾਂ ਨੂੰ ਪ੍ਰਬੰਧ ਵਿੱਚੋਂ ਬਾਹਰ ਕੱਢਣ ਵਾਲੀ ਗੱਲ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਅਜਿਹੀਆਂ ਨੀਤੀਆਂ ਲਾਗੂ ਕਰਨ ਦੀ ਇਸ ਕੋਸ਼ਿਸ਼ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹਨ ਅਤੇ ਨਿਖੇਧੀ ਕਰਦੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਈਦ-ਉਲ-ਅਧਾ ਵਾਲੇ ਦਿਨ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਸਮਾਂ-ਸਾਰਣੀ ਮੁੜ ਨਿਰਧਾਰਤ ਕਰਨ ਅਤੇ ਇੱਕ ਯੂਨੀਵਰਸਿਟੀ ਨੂੰ ਕਾਇਮ ਰੱਖਣ ਵਾਲੇ ਧਰਮ-ਨਿਰਪੱਖ ਸਿਧਾਂਤਾਂ ਨੂੰ ਬਹਾਲ ਕਰਨ ਦੀ ਮੰਗ ਨੂੰ ਲਾਗੂ ਕਰਵਾਉਣ ਤੱਕ ਜਥੇਬੰਦੀ ਵਿਦਿਆਰਥੀਆਂ ਨਾਲ ਡਟ ਕੇ ਖੜ੍ਹੀ ਹੈ।

