ਕੋਈ ਭੜਕਾਊ ਭਾਸ਼ਣ ਨਹੀਂ ਦਿੱਤਾ: ਕਪਿਲ ਮਿਸ਼ਰਾ

ਕੋਈ ਭੜਕਾਊ ਭਾਸ਼ਣ ਨਹੀਂ ਦਿੱਤਾ: ਕਪਿਲ ਮਿਸ਼ਰਾ

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਸਤੰਬਰ

ਵਿਵਾਦਮਈ ਬਣਿਆ ਨਾਗਰਿਕਤਾ ਸੋਧ ਐਕਟ (ਸੀਏਏ) ਨੂੰ ਲੈ ਕੇ ਦਿੱਲੀ ਵਿੱਚ ਉੱਤਰੀ-ਪੂਰਬੀ ਇਲਾਕਿਆਂ ਵਿੱਚ ਫੈਲੀ ਹਿੰਸਾ ਦੇ ਮਾਮਲੇ ਨਾਲ ਜੁੜੀ ਚਾਰਜਸ਼ੀਟ ਵਿੱਚ ਭਾਜਪਾ ਆਗੂ ਕਪਿਲ ਮਿਸ਼ਰਾ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਪੁੱਛ-ਪੜਤਾਲ ਦੌਰਾਨ ਕਪਿਲ ਮਿਸ਼ਰਾ ਨੇ ਮੰਨਿਆ ਕਿ ਉਨ੍ਹਾਂ ਕੁੱਝ ਇਲਾਕਿਆਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਬਣਾਇਆ ਪਰ ਕੋਈ ਭਾਸ਼ਣ ਨਹੀਂ ਦਿੱਤਾ। ਮਿਸ਼ਰਾ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਜੋ ਉਸ ਸਮੇਂ ਕਪਿਲ ਦੇ ਕੋਲ ਖੜ੍ਹਾ ਸੀ ਨੇ ਜੋ ਟਿੱਪਣੀਆਂ ਕੀਤੀਆਂ ਉਹ ਸਿਰਫ਼ ਉਸ ਦੇ ਪ੍ਰਦਰਸ਼ਨ ਦਾ ਐਲਾਨ ਸੀ ਜੋ ਉਸ ਨੇ ਅਗਲੇ ਦਿਨਾਂ ਦੌਰਾਨ ਕਰਨੇ ਸਨ। ਜ਼ਿਕਰਯੋਗ ਹੈ ਕਿ ਸ੍ਰੀ ਮਿਸ਼ਰਾ ਨੇ 23 ਫਰਵਰੀ ਨੂੰ ਜਾਫ਼ਰਾਬਾਦ ਵਿੱਚ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰਦੇ ਹੋਏ ਚੱਲ ਰਹੇ ਧਰਨਿਆਂ ਵਾਲੀ ਥਾਂ ਖਾਲੀ ਕਰਨ ਲਈ 3 ਦਿਨਾਂ ਦਾ ਅਲਟੀਮੇਟਮ ਦਿੱਲੀ ਪੁਲੀਸ ਨੂੰ ਦਿੱਤਾ ਸੀ। ਇਸ ਮਗਰੋਂ ਉੱਥੇ ਦੋ ਧਿਰਾਂ ਦਰਮਿਆਨ ਟਕਰਾਅ ਸ਼ੁਰੂ ਹੋ ਗਿਆ ਤੇ ਦੰਗੇ ਭੜਕ ਗਏ ਸਨ। ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਮਿਸ਼ਰਾ ਪੁਲੀਸ ਅਧਿਕਾਰੀ ਦੇ ਸਾਹਮਣੇ ਆਖ ਰਹੇ ਸਨ ਕਿ ਜੇ ਉਨ੍ਹਾਂ (ਕਪਿਲ) ਦੀ ਮੰਗ ਨਾ ਮੰਨੀ ਗਈ ਤਾਂ ਉਹ ਪੁਲੀਸ ਦੀ ਵੀ ਨਹੀਂ ਸੁਣਨਗੇ। ਦੰਗਿਆਂ ਦੌਰਾਨ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਸੈਂਕੜੇ ਜ਼ਖ਼ਮੀ ਹੋਏ ਸਨ।

ਡੀਟੀਸੀ ਤੇ ਮੈਟਰੋ ਨੂੰ ਦੰਗਿਆਂ ਕਾਰਨ ਵਿੱਤੀ ਨੁਕਸਾਨ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੂੰ ਫਰਵਰੀ ਦੇ ਦੰਗਿਆਂ ਦੌਰਾਨ 5.12 ਲੱਖ ਰੁਪਏ ਦਾ ਨੁਕਸਾਨ ਹੋਇਆ  ਜਦੋਂ ਕਿ ਦਿੱਲੀ ਮੈਟਰੋ ਨੂੰ ਵੀ ਭਾਰੀ ਵਿੱਤੀ ਨੁਕਸਾਨ ਮੈਟਰੋ ਦੇ ਗੇੜ ਬੰਦ ਹੋਣ ਕਰਕੇ ਹੋਇਆ। 25 ਫਰਵਰੀ ਨੂੰ 174 ਗੇੜੇ ਮੌਜਪੁਰ-ਸ਼ਿਵ ਵਿਹਾਰ ਦਰਮਿਆਨ, 362 ਗੇੜੇ ਮੌਜਪੁਰ-ਵੈੱਲਕਮ ਸਟੇਸ਼ਨ ਦਰਮਿਆਨ ਤੇ 23 ਗੇੜੇ ਸ਼ਿਵ ਵਿਹਾਰ-ਵੈੱਲਕਮ ਦਰਮਿਆਨ ਬੰਦ ਕਰਨੇ ਪਏ। ਡੀਟੀਸੀ ਦੀਆਂ ਬੱਸਾਂ ਦਾ 2 ਲੱਖ 65 ਹਜ਼ਾਰ ਦਾ ਨੁਕਸਾਨ ਹੋਇਆ ਤੇ ਬੱਸ ਰੂਟਾਂ ਦੇ ਬੰਦ ਹੋਣ ਕਰਕੇ 2 ਲੱਖ 47 ਹਜ਼ਾਰ ਤੋਂ ਵੱਧ ਦਾ ਘਾਟਾ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All