ਨਵੀਂ ਦਿੱਲੀ, 5 ਜੂਨ
ਕੇਂਦਰ ਨੇ ਅੱਜ ਸੁਪਰੀਮ ਕੋਰਟ ’ਚ ਕਿਹਾ ਕਿ ਪੂਰਬੀ ਦਿੱਲੀ ’ਚ ਆਨੰਦ ਵਿਹਾਰ ਬੱਸ ਟਰਮੀਨਲ ਅਤੇ ਨਿਜ਼ਾਮੂਦੀਨ ਮਰਕਜ਼ ’ਚ ਤਬਲੀਗੀ ਜਮਾਤ ਦੇ ਇਕੱਠ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਲੋੜ ਨਹੀਂ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਰੋਜ਼ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ। ਚੀਫ਼ ਜਸਟਿਸ ਐੱਸ ਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਗ੍ਰਹਿ ਮੰਤਰਾਲੇ ਵੱਲੋਂ ਦਿੱਤੇ ਗਏ ਜਵਾਬ ’ਤੇ ਪਟੀਸ਼ਨਕਰਤਾ ਸੁਪ੍ਰਿਆ ਪੰਡਿਤਾ ਨੂੰ ਹਲਫ਼ਨਾਮਾ ਦਾਖ਼ਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਬੈਂਚ ਵੱਲੋਂ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਮਗਰੋਂ ਕੀਤੀ ਜਾਵੇਗੀ। ਪੰਡਿਤਾ ਨੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਦਿੱਲੀ ਪੁਲੀਸ ਮੌਲਾਣਾ ਸਾਦ ਨੂੰ ਗ੍ਰਿਫ਼ਤਾਰ ਕਰਨ ’ਚ ਅਜੇ ਤੱਕ ਨਾਕਾਮ ਰਹੀ ਹੈ ਅਤੇ ਉਹ ਲੌਕਡਾਊਨ ਦੌਰਾਨ ਹੋਏ ਇਕੱਠ ਨੂੰ ਰੋਕ ਨਹੀਂ ਸਕੀ ਜਿਸ ਕਰ ਕੇ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ