Terrorist Module ਨਾਲ ਸਬੰਧਤ ਨੌਂ ਮਸ਼ਕੂਕ ਗ੍ਰਿਫ਼ਤਾਰ
ਕੌਮੀ ਰਾਜਧਾਨੀ ਵਿੱਚ ਅਹਿਮ ਥਾਵਾਂ ’ਤੇ ਹਮਲਿਆਂ ਦੀ ਸਾਜ਼ਿਸ਼ ਘਡ਼ ਰਹੇ ਸੀ ਮੁਲਜ਼ਮ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਨੌਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਤੇ ਮੁੰਬਈ ਅੰਡਰਵਰਲਡ ਨੈੱਟਵਰਕ ਨਾਲ ਸਬੰਧਤ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਕੌਮੀ ਰਾਜਧਾਨੀ ਵਿੱਚ ਅਹਿਮ ਥਾਵਾਂ ਅਤੇ ਸੁਰੱਖਿਆ ਬਲਾਂ ’ਤੇ ਹਮਲਿਆਂ ਦੀ ਕਥਿਤ ਤੌਰ ’ਤੇ ਸਾਜ਼ਿਸ਼ ਘੜ ਰਹੇ ਸਨ। ਪੁਲੀਸ ਨੇ ਦੱਸਿਆ ਕਿ ਮੁਹਿੰਮ ਦੌਰਾਨ ਮੁਲਜ਼ਮਾਂ ਕੋਲੋਂ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ’ਤੇ ਆਧਾਰਿਤ ਇੱਕ ਅਪਰੇਸ਼ਨ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਡਿਊਲ ’ਤੇ ਪਿਛਲੇ ਕੁਝ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਤੇ ਅੱਜ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਤੌਰ ’ਤੇ ਇਹ ਨੌਂ ਮੁਲਜ਼ਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਅਤੇ ਮੁੰਬਈ ਦੇ ਅੰਡਰਵਰਲਡ ਨਾਲ ਸਬੰਧਤ ਲੋਕਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਕਥਿਤ ਤੌਰ ’ਤੇ ਦਿੱਲੀ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਹਮਲੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪੁਲੀਸ ਨੇ ਕਿਹਾ ਕਿ ਮੁਲਜ਼ਮ ਜਨਤਕ ਵਿਵਸਥਾ ਨੂੰ ਵਿਗਾੜਨ ਅਤੇ ਸੁਰੱਖਿਆ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਕਥਿਤ ਤੌਰ ’ਤੇ ਸ਼ਾਮਲ ਸਨ। ਪੁਲੀਸ ਨੇ ਦੱਸਿਆ ਕਿ ਨੈੱਟਵਰਕ ਦੇ ਪੂਰੇ ਦਾਇਰੇ ਦਾ ਪਤਾ ਲਗਾਉਣ, ਇਨ੍ਹਾਂ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਬਰਾਮਦ ਕੀਤੇ ਗਏ ਹਥਿਆਰਾਂ ਤੇ ਵਿਸਫੋਟਕਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਇਸ ਮਾਡਿਊਲ ਦੀਆਂ ਗਤੀਵਿਧੀਆਂ ਨੂੰ ਚਲਾਉਣ ਵਿੱਚ ਸਰਹੱਦ ਪਾਰ ਦੇ ਸੰਭਾਵੀ ਸਬੰਧਾਂ, ਫੰਡਿੰਗ ਸਰੋਤਾਂ ਤੇ ਵਿਦੇਸ਼ੀ ਹੈਂਡਲਰਾਂ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।

