ਨਵੀਂ ਸਿੱਖਿਆ ਨੀਤੀ: ਡੀਯੂ ਦੇ ਵਿਦਿਆਰਥੀਆਂ ਵੱਲੋਂ ਧਰਨਾ : The Tribune India

ਨਵੀਂ ਸਿੱਖਿਆ ਨੀਤੀ: ਡੀਯੂ ਦੇ ਵਿਦਿਆਰਥੀਆਂ ਵੱਲੋਂ ਧਰਨਾ

ਨਵੀਂ ਸਿੱਖਿਆ ਨੀਤੀ: ਡੀਯੂ ਦੇ ਵਿਦਿਆਰਥੀਆਂ ਵੱਲੋਂ ਧਰਨਾ

ਦਿੱਲੀ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਦਸੰਬਰ

ਵਿਦਿਆਰਥੀ ਜਥੇਬੰਦੀ ‘ਆਇਸਾ’ ਵੱਲੋਂ ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਰਾਮਜਸ ਕਾਲਜ ਨੇੜੇ ਨਵੀਂ ਸਿੱਖਿਆ ਨੀਤੀ 2022 ਤੇ ਚਾਰ ਸਾਲਾ ਕੋਰਸ (ਐਫਵਾਈਯੂਪੀ) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀ ਆਗੂਆਂ ਨੇ ਨਾਲ ਹੀ ਉਨ੍ਹਾਂ ਆਇਸਾ ਕਾਰਕੁਨਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ।

ਆਇਸਾ ਨੇ ਬਿਆਨ ਰਾਹੀਂ ਕਿਹਾ ਕਿ ਵਿਦਿਆਰਥੀ ਜਥੇਬੰਦੀ ਨੇ ਅੱਜ ਨਵੀਂ ਸਿੱਖਿਆ ਨੀਤੀ 2022 ਤੇ ਚਾਰ ਸਾਲਾ ਕੋਰਸ (ਐਫਵਾਈਯੂਪੀ) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਇਸੇ ਦੌਰਾਨ ਕਾਰਕੁਨਾਂ ਅਭਿਗਿਆਨ, ਸ਼ੀਲ ਤੇ ਸਨਾਤਨ ਸਮੇਤ ਹੋਰ ਕਾਰਕੁਨਾਂ ਉਪਰ ਕੁੱਝ ਨੌਜਵਾਨਾਂ ਨੇ ਕਥਿਤ ਹਮਲਾ ਕਰ ਦਿੱਤਾ। ਜੱਥੇਬੰਦੀ ਮੁਤਾਬਕ ਕਥਿਤ ਹਮਲਾਵਰਾਂ ਦੇ ਨਾਂ ਅਸ਼ਵਨੀ ਤੇ ਹਰਸ਼ ਚੌਧਰੀ ਹਨ ਜਿਨ੍ਹਾਂ ਨੇ ਵਿਦਿਆਰਥੀ ਆਗੂ ਅਭਿਗਿਆਨ ’ਤੇ ਕਥਿਤ ਹਮਲਾ ਕੀਤਾ। ਉਸ ਨੂੰ ਹਿੰਦੂ ਰਾਓ ਹਸਪਤਾਲ ਭਰਤੀ ਕਰਵਾਇਆ ਗਿਆ। ਸ਼ਾਮ ਨੂੰ ਵਿਦਿਆਰਥੀਆਂ ਵੱਲੋਂ ਮੌਰਿਸ ਨਗਰ ਪੁਲੀਸ ਥਾਣੇ ਦੇ ਬਾਹਰਵਾਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਤੇ ਕਥਿਤ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਕਥਿਤ ਹਮਲਾਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਢੁਕਵੀਂ ਕਾਰਵਾਈ ਕਰਨ ਵਿੱਚ ਦੇਰੀ ਕਰ ਰਹੀ ਸੀ। ਵਿਦਿਆਰਥੀਆਂ ਨੇ ਕਿਹਾ ਕਿ ਉਹ ਸਿੱਖਿਆ ਨੀਤੀ ਤੇ ‘ਐਫਵਾਈਯੂਪੀ’ ਖ਼ਿਲਾਫ਼ ਸੰਘਰਸ਼ ਜਾਰੀ ਰੱਖਣਗੇ। ਵਰਸਿਟੀ ਕੈਂਪਸ ਦੇ ਲੋਕਤੰਤਰੀ ਖਾਸੇ ਨੂੰ ਕਾਇਮ ਰੱਖਣ ਤੇ ਗੁੰਡਾਗਰਦੀ ਤੋਂ ਮੁਕਤ ਕਰਨ ਲਈ ਯਤਨ ਜਾਰੀ ਰਹਿਣਗੇ। ਸਿੱਖਿਆ ਦਾ ਨਿੱਜੀਕਰਨ ਨਹੀਂ ਹੋਣ ਦਿੱਤਾ ਜਾਵੇਗਾ ਤੇ ਕਾਰਪੋਰੇਟ ਦੇ ਹਵਾਲੇ ਸਿੱਖਿਆ ਸੰਸਥਾਨ ਜਾਣ ਤੋਂ ਰੋਕਣ ਦੀ ਵਾਹ ਲਾਈ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All