Nepal Flood Indian: 275 ਭਾਰਤੀ ਨਾਗਰਿਕ ਹਾਲੇ ਵੀ ਲਾਪਤਾ: ਵਿਦੇਸ਼ ਵਿਭਾਗ
166 ਸੁਰੱਖਿਅਤ ਕੱਢੇ; 1907 ਭਾਰਤੀ ਨਾਗਰਿਕ ਚੀਨ ਰਸਤੇ ਦੇਸ਼ ਪਰਤੇ
Nepal Flood Indian: ਨੇਪਾਲ-ਤਿੱਬਤ ਸਰਹੱਦ 'ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਵਿਦੇਸ਼ ਮੰਤਰਾਲੇ (MEA) ਨੇ ਜਾਣਕਾਰੀ ਦਿੱਤੀ ਹੈ ਕਿ ਇਸ ਆਫ਼ਤ ਵਿੱਚ 275 ਭਾਰਤੀ ਨਾਗਰਿਕ ਹਾਲੇ ਵੀ ਲਾਪਤਾ ਹਨ, ਜਦਕਿ 166 ਹੋਰਨਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ 1,907 ਭਾਰਤੀ ਨਾਗਰਿਕ ਚੀਨ ਤੋਂ ਸੁਰੱਖਿਅਤ ਤਰੀਕੇ ਨਾਲ ਨੇਪਾਲ ਪਹੁੰਚ ਗਏ ਹਨ। ਨੇਪਾਲੀ ਅਧਿਕਾਰੀਆਂ ਅਨੁਸਾਰ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,295 ਹੋ ਗਈ ਹੈ ਅਤੇ ਲਗਪਗ 5,000 ਲੋਕ ਹਾਲੇ ਵੀ ਲਾਪਤਾ ਹਨ, ਜਦੋਂ ਕਿ ਐਮਰਜੈਂਸੀ ਟੀਮਾਂ ਵੱਲੋਂ 12,000 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਚੀਨ ਵਿੱਚ ਤਿੱਬਤ ਆਟੋਨੋਮਸ ਖੇਤਰ ਦੇ ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਉੱਥੇ ਕੋਈ ਵੀ ਭਾਰਤੀ ਯਾਤਰੀ ਫਸਿਆ ਹੋਇਆ ਨਹੀਂ ਹੈ ਅਤੇ ਭਾਰਤ ਸਰਕਾਰ ਨੇਪਾਲ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਹੈ।
ਭਾਰਤ ਨੇ ਟੀਮਾਂ ਤਾਇਨਾਤ ਕੀਤੀਆਂ
ਭਾਰਤ ਨੇ ਨੇਪਾਲ ਵਿੱਚ ਆਏ ਇਸ ਸੰਕਟ ਨਾਲ ਨਜਿੱਠਣ ਲਈ ਹੁਣ ਤੱਕ ਸੱਤ ਜਹਾਜ਼ਾਂ ਰਾਹੀਂ ਲਗਪਗ 95 ਟਨ ਰਾਹਤ ਸਮੱਗਰੀ ਭੇਜੀ ਹੈ। ਇਸ ਤੋਂ ਇਲਾਵਾ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ 54 ਮਾਹਰ ਕਰਮਚਾਰੀ ਵੀ ਭੇਜੇ ਗਏ ਹਨ, ਜਿਨ੍ਹਾਂ ਵਿੱਚ 30 ਟਨਲ ਰੈਸਕਿਊ ਮਾਹਰ, 19 ਫੋਰੈਂਸਿਕ ਮਾਹਰ ਅਤੇ 5 ਮੈਂਬਰੀ ਮੈਡੀਕਲ ਟੀਮ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੇਪਾਲ ਪ੍ਰਤੀ ਹਮਦਰਦੀ ਅਤੇ ਹਰ ਸੰਭਵ ਮਨੁੱਖੀ ਸਹਾਇਤਾ ਦੇ ਭਰੋਸੇ ਤੋਂ ਬਾਅਦ ਇਹ ਮਦਦ ਤੁਰੰਤ ਸ਼ੁਰੂ ਕਰ ਦਿੱਤੀ ਗਈ ਸੀ। ਭਾਰਤ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਫੋਰੈਂਸਿਕ ਕਿੱਟਾਂ ਅਤੇ ਲੋੜੀਂਦਾ ਸਾਮਾਨ ਭੇਜਣ ਦੀ ਯੋਜਨਾ ਬਣਾਈ ਹੈ ਅਤੇ ਜਲਵਾਯੂ ਤਬਦੀਲੀ ਦੇ ਮੁੱਦੇ 'ਤੇ ਵਿਕਸਤ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਵਿੱਤੀ ਅਤੇ ਤਕਨੀਕੀ ਮਦਦ ਕਰਨ ਲਈ ਅੱਗੇ ਆਉਣ ਦੀ ਮੰਗ ਕੀਤੀ ਹੈ।

