ਪ੍ਰਦੂਸ਼ਣ ਲਈ ਗੁਆਂਢੀ ਸੂਬੇ ਜ਼ਿੰਮੇਵਾਰ: ਸੂਦ
ਬਾਹਰੀ ਦਿੱਲੀ ਵਿੱਚ ਸ਼ਹਿਰੀ ਵਿਕਾਸ ਮੰਤਰੀ ਆਸ਼ੀਸ਼ ਸੂਦ ਨੇ ਅੱਜ ਸਵੇਰੇ ਭਲਸਵਾ ਲੈਂਡਫਿਲ ਸਾਈਟ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨਾਲ ਕੂੜੇ ਦੇ ਨਿਪਟਾਰੇ ਬਾਰੇ ਚਰਚਾ ਕੀਤੀ। ਸ਼ਹਿਰੀ ਵਿਕਾਸ ਮੰਤਰੀ ਨੇ ਰਾਜਧਾਨੀ ਵਿੱਚ ਪ੍ਰਦੂਸ਼ਣ ਲਈ ਦਿੱਲੀ ਨਾਲ ਲੱਗਦੇ ਰਾਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਰਹੱਦ ’ਤੇ ਉਦਯੋਗਾਂ ਵਿੱਚ ਵਾਧਾ ਰਾਜਧਾਨੀ ਵਿੱਚ ਪ੍ਰਦੂਸ਼ਣ ਵਧਾ ਰਿਹਾ ਹੈ। ਨਰੇਲਾ ਅਤੇ ਇਸ ਦੇ ਆਲੇ-ਦੁਆਲੇ ਫੈਕਟਰੀਆਂ ਅਤੇ ਚਿਮਨੀਆਂ ਦੀ ਗਿਣਤੀ ਵਧੀ ਹੈ। ਖਰਖੋਦਾ (ਹਰਿਆਣਾ) ਖੇਤਰ ਵਿੱਚ ਉਦਯੋਗੀਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੂੜਾ ਲਗਾਤਾਰ ਭਲਸਵਾ ਲੈਂਡਫਿਲ ਸਾਈਟ ’ਤੇ ਪਹੁੰਚ ਰਿਹਾ ਹੈ ਅਤੇ ਹਾਈਡ੍ਰੌਲਿਕ ਵਾਹਨਾਂ ਦੁਆਰਾ ਖਾਲੀ ਕੀਤਾ ਜਾ ਰਿਹਾ ਹੈ। ਇਹ ਧੂੜ ਅਤੇ ਧੂੰਏਂ ਦਾ ਇੱਕ ਵੱਡਾ ਸਰੋਤ ਹੈ। ਭਲਸਵਾ ਲੈਂਡਫਿਲ ਸਾਈਟ ਨੂੰ ਹੌਟਸਪੌਟ ਐਲਾਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਲਈ ਯਤਨ ਕਰ ਰਹੀ ਹੈ। ਜ਼ਿਕਰਯੋਗ ਇਸ ਤੋਂ ਪਹਿਲਾਂ ਇਹੀ ਦੋਸ਼ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਉਪਰ ਲਾਉਂਦੇ ਸਨ। ਅੱਜ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਬਣੀ ਰਹੀ। ਇਸ ਤਰ੍ਹਾਂ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਚੌਥੇ ਦਿਨ ‘ਗੰਭੀਰ’ ਸ਼੍ਰੇਣੀ ਵਿੱਚ ਰਹੀ। ਸਵੇਰੇ 9:30 ਵਜੇ ਸੀਪੀਸੀਬੀ ਨੇ 404 ਦਾ ਏਕਿਊਆਈ ਦਰਜ ਕੀਤਾ ਜੋ ਕਿ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੌਰਾਨ ਸਵਿਸ ਐੱਪ ਨੇ ਏਕਿਊਆਈ 659 ਦਰਜ ਕੀਤਾ, ਜੋ ਕਿ ਹੋਰ ਵੀ ‘ਖਤਰਨਾਕ’ ਸ਼੍ਰੇਣੀ ਵਿੱਚ ਆਉਂਦਾ ਹੈ। ਹਵਾਵਾਂ ਕਾਰਨ ਸ਼ਾਮ ਤੱਕ ਥੋੜ੍ਹਾ ਹੇਠਾਂ ਆਇਆ।
