ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੂਨ
ਪੰਜਾਬ ਦੇ ਅੰਮ੍ਰਿਤਸਰ (ਪੂਰਬੀ) ਹਲਕੇ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਬੀਤੇ ਦਿਨੀਂ ‘ਆਪ’ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਰਾਬਤਾ ਬਣਾਉਣ ਦੀਆਂ ਖ਼ਬਰਾਂ ਆਉਣ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸ੍ਰੀ ਸਿੱਧੂ ਦਾ ‘ਆਪ’ ਵਿੱਚ ਸਵਾਗਤ ਹੈ। ਇਸ ਟਿੱਪਣੀ ਨਾਲ ਸਿੱਧੂ ਮੁੜ ਚਰਚਾ ਦਾ ਕੇਂਦਰ ਬਣ ਗਏ ਹਨ।
ਇਕ ਚੈਨਲ ਨਾਲ ਗੱਲਬਾਤ ਦੌਰਾਨ ਸ੍ਰੀ ਕੇਜਰੀਵਾਲ ਨੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਉਨ੍ਹਾਂ ਦਾ ਸਵਾਗਤ ਕਰਦੇ ਹਨ ਪਰ ‘ਆਪ’ ਵੱਲੋਂ ਸਿੱਧੂ ਨਾਲ ਪਾਰਟੀ ਦੇ ਕਿਸੇ ਵਿਅਕਤੀ ਰਾਹੀਂ ਗੱਲਬਾਤ ਕੀਤੇ ਜਾਣ ਬਾਰੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਇਸ ਵਿਸ਼ੇ ’ਤੇ ਹੋਰ ਕੁਝ ਨਹੀਂ ਕਿਹਾ। ‘ਆਪ’ ਦੇ ਤਿਲਕ ਨਗਰ ਤੋਂ ਵਿਧਾਇਕ ਤੇ ਪੰਜਾਬ ‘ਆਪ’ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਸਿੱਧੂ ਸਮੇਤ ਕਈ ਕਾਂਗਰਸੀ ਆਗੂ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਹੇ ਹਨ ਤੇ ਅਜਿਹੇ ਆਗੂਆਂ ਦਾ ਪੰਜਾਬ ਦੀ ਬਿਹਤਰੀ ਲਈ ‘ਆਪ’ ਵਿੱਚ ਸਵਾਗਤ ਹੈ।
ਪ੍ਰਸ਼ਾਂਤ ਕਿਸ਼ੋਰ ਸਬੰਧੀ ਰਿਪੋਰਟਾਂ ਕੈਪਟਨ ਨੇ ਨਕਾਰੀਆਂ
ਚੰਡੀਗੜ੍ਹ (ਦਵਿੰਦਰ ਪਾਲ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2022 ਵਿੱਚ ਕਾਂਗਰਸ ਦੀ ਚੋਣ ਮੁਹਿੰਮ ਘੜਨ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਸ਼ਾਮਲ ਕਰਨ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਕਿਸ਼ੋਰ ਨੇ ਉਨ੍ਹਾਂ ਦੀ ਅਪੀਲ ਪ੍ਰਤੀ ਸਕਾਰਾਤਮਕ ਹੁੰਗਾਰਾ ਭਰਿਆ ਹੈ। ਸੂਬੇ ਵਿੱਚ ਪ੍ਰਸ਼ਾਂਤ ਕਿਸ਼ੋਰ ਵਲੋਂ ਕਾਂਗਰਸ ਦੀ ਮੁਹਿੰਮ ਸੰਭਾਲਣ ਤੋਂ ਇਨਕਾਰ ਕਰਨ ਬਾਰੇ ਛਪੀਆਂ ਰਿਪੋਰਟਾਂ ਸਬੰਧੀ ਕਿਆਫ਼ਿਆਂ ’ਤੇ ਰੋਕ ਲਾਉਂਦਿਆਂ ਕੈਪਟਨ ਨੇ ਆਖਿਆ,‘‘ਕਿਸ਼ੋਰ ਨੇ ਕਿਹਾ ਹੈ ਕਿ ਪੰਜਾਬ ਆ ਕੇ ਮੱਦਦ ਕਰਨ ਵਿੱਚ ਉਸ ਨੂੰ ਬਹੁਤ ਖੁਸ਼ੀ ਹੋਵੇਗੀ।’’ ਮੁੱਖ ਮੰਤਰੀ ਨੇ ਕਿਹਾ ਨੇ ਪ੍ਰਸ਼ਾਂਤ ਕਿਸ਼ੋਰ ਵਲੋਂ ਮੁਹਿੰਮ ਘੜਨ ਦੇ ਮਾਮਲੇ ਨੂੰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਵਿਚਾਰਿਆ ਸੀ, ਜਿਨ੍ਹਾਂ ਨੇ ਫੈਸਲਾ ਉਨ੍ਹਾਂ (ਕੈਪਟਨ) ’ਤੇ ਛੱਡ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਵਿਧਾਇਕਾਂ ਨੂੰ ਵੀ ਭਰੋਸੇ ਵਿੱਚ ਲਿਆ ਅਤੇ 80 ’ਚੋਂ 55 ਵਿਧਾਇਕਾਂ ਨੇ ਮੁਹਿੰਮ ਸੰਭਾਲਣ ਲਈ ਸ੍ਰੀ ਕਿਸ਼ੋਰ ਨੂੰ ਲਿਆਉਣ ਦੀ ਹਾਮੀ ਭਰੀ। ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਸਹਿਯੋਗ ਕਰਨ ਲਈ ਰਜ਼ਾਮੰਦੀ ਜ਼ਾਹਰ ਕਰਦਿਆਂ ਸ੍ਰੀ ਕਿਸ਼ੋਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਨਵਜੋਤ ਸਿੱਧੂ ਜਾਂ ਆਮ ਆਦਮੀ ਪਾਰਟੀ (‘ਆਪ’) ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਚੱਲਣ ਤੋਂ ਇਨਕਾਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਕਿਸ਼ੋਰ ਨੇ ਸਿੱਧੂ ਜਾਂ ‘ਆਪ’ ਨਾਲ ਕਿਸੇ ਤਰ੍ਹਾਂ ਦੀ ਸਾਂਝ ਨੂੰ ਰੱਦ ਕੀਤਾ ਹੈ।