National Space Day: ਭਾਰਤ ਬਣੇਗਾ ‘ਗਲੋਬਲ ਸਪੇਸ ਟੈਲੇਂਟ’ ਦੀ ਪਹਿਲੀ ਪਸੰਦ: ਮੋਦੀ
ਨਵੀਂ ਦਿੱਲੀ ’ਚ ਸਪੇਸ ਸਟਾਰਟਅੱਪਸ ਦੇ ਸੀ.ਈ.ਓਜ਼ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੌਮੀ ਪੁਲਾੜ ਦਿਵਸ (ਨੈਸ਼ਨਲ ਸਪੇਸ ਡੇ) ਦੇ ਮੌਕੇ ’ਤੇ ਦੇਸ਼ ਦੇ ਪ੍ਰਮੁੱਖ ਅੰਤਰਿਕਸ਼ (ਸਪੇਸ) ਸਟਾਰਟਅੱਪਸ ਦੇ ਸੀ.ਈ.ਓਜ਼ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨ ਉੱਦਮੀਆਂ ਦੇ ਉਤਸ਼ਾਹ ਅਤੇ ਨਵੀਨਤਾਕਾਰੀ ਸੋਚ ਦੀ ਸ਼ਲਾਘਾ ਕਰਦਿਆਂ ਸਪੇਸ ਤਕਨਾਲੋਜੀ ਦੀ ਵਰਤੋਂ ਆਮ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾਉਣ ਲਈ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਕੌਮਾਂਤਰੀ ਪੱਧਰ ’ਤੇ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ ਕਿ ਦੁਨੀਆ ਭਰ ਦੇ ਪੇਸ਼ੇਵਰ ਸਪੇਸ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਲਈ ਭਾਰਤ ਨੂੰ ਹੀ ਆਪਣੀ ਪਹਿਲੀ ਪਸੰਦ ਬਣਾਉਣ।ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰੀ ਨੀਤੀਆਂ ਵਿੱਚ ਨਿਰੰਤਰਤਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਟਾਰਟਅੱਪਸ ਦਾ ਸਰਕਾਰ ਦੇ ਫੈਸਲਿਆਂ ’ਤੇ ਵਿਸ਼ਵਾਸ ਪ੍ਰਗਟਾਉਣਾ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੁਲਾੜ ਖੇਤਰ ਵਿੱਚ ਕੋਈ ਵੱਡੀ ਸਫਲਤਾ ਮਿਲਦੀ ਹੈ, ਤਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤੀ ਸਟਾਰਟਅੱਪਸ ’ਤੇ ਹੋਣੀਆਂ ਚਾਹੀਦੀਆਂ ਹਨ।
ਵਿਦੇਸ਼ਾਂ ਤੋਂ ਵਾਪਸ ਪਰਤ ਰਹੇ ਭਾਰਤੀ ਮਾਹਿਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਸ ਨੂੰ ਦੇਸ਼ ਦੇ ਸਪੇਸ ਮਿਸ਼ਨਾਂ ਲਈ ਇੱਕ ਉਤਸ਼ਾਹਜਨਕ ਸੰਕੇਤ ਦੱਸਿਆ ਅਤੇ ਉਮੀਦ ਪ੍ਰਗਟਾਈ ਕਿ ਭਾਰਤੀ ਸਟਾਰਟਅੱਪਸ ਆਪਣੀ ਬੱਲੇਬਾਜ਼ੀ ਨਾਲ ਪੂਰੇ ਵਿਸ਼ਵ ਦੇ ਹੁਨਰ ਨੂੰ ਚੁੰਬਕ ਵਾਂਗ ਆਪਣੀਓਰ ਖਿੱਚਣ ਦੇ ਸਮਰੱਥ ਹਨ।

