Municipal Corporation of Delhi ਵੱਲੋਂ ਨਾਲਿਆਂ ਦੀ ਸਫ਼ਾਈ ਦਾ ਟੀਚਾ ਪੂਰਾ
ਚਾਰ ਫੁੱਟ ਤੋਂ ਘੱਟ ਡੂੰਘੇ ਨਾਲਿਆਂ ’ਚੋਂ ਕੱਢੀ ਗਈ ਗਾਰ
ਦਿੱਲੀ ਨਗਰ ਨਿਗਮ ਨੇ ਮੌਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਦੇ ਪਹਿਲੇ ਪੜਾਅ ਦਾ ਟੀਚਾ ਪਾਰ ਕਰ ਲਿਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ 25 ਜੂਨ ਤੱਕ 793 ਵੱਡੇ ਨਾਲਿਆਂ ਵਿੱਚੋਂ 1,77,499 ਮੀਟ੍ਰਿਕ ਟਨ ਗਾਰ ਕੱਢੀ ਗਈ ਹੈ ਜੋ ਮਿਥੇ ਟੀਚੇ ਦਾ 125.88 ਫ਼ੀਸਦੀ ਬਣਦੀ ਹੈ। ਪਹਿਲੇ ਪੜਾਅ ਦਾ ਇਹ ਕੰਮ 30 ਜੂਨ ਤੱਕ ਮੁਕੰਮਲ ਹੋਣਾ ਸੀ।
ਅਧਿਕਾਰੀਆਂ ਅਨੁਸਾਰ ਚਾਰ ਫੁੱਟ ਤੋਂ ਘੱਟ ਡੂੰਘੇ ਛੋਟੇ ਨਾਲਿਆਂ ਵਿੱਚੋਂ 29,686 ਮੀਟ੍ਰਿਕ ਟਨ ਗਾਰ ਕੱਢੀ ਗਈ ਹੈ ਜੋ ਟੀਚੇ ਦਾ 114.84 ਫ਼ੀਸਦੀ ਹੈ। ਸੈਂਟਰਲ ਜ਼ੋਨ ਨੇ ਸਭ ਤੋਂ ਵੱਧ 49,245 ਮੀਟ੍ਰਿਕ ਟਨ ਗਾਰ ਕੱਢੀ ਜਦਕਿ ਵੈਸਟ ਜ਼ੋਨ ਨੇ 17,840 ਮੀਟ੍ਰਿਕ ਟਨ ਗਾਰ ਕੱਢ ਕੇ ਟੀਚਾ ਪਾਰ ਕੀਤਾ। ਸ਼ਾਹਦਰਾ ਨਾਰਥ ਅਤੇ ਸ਼ਾਹਦਰਾ ਸਾਊਥ ਜ਼ੋਨ ਨੇ ਵੀ ਆਪੋ-ਆਪਣੇ ਟੀਚੇ ਪਾਰ ਕਰ ਲਏ ਹਨ।
ਸਾਊਥ ਅਤੇ ਨਜਫਗੜ੍ਹ ਜ਼ੋਨ ਨੇ 98 ਫ਼ੀਸਦੀ ਤੋਂ ਵੱਧ ਕੰਮ ਪੂਰਾ ਕੀਤਾ ਹੈ। ਛੋਟੇ ਜ਼ੋਨਾਂ ਜਿਵੇਂ ਸਿਵਲ ਲਾਈਨਜ਼, ਕੇਸ਼ਵਪੁਰਮ, ਰੋਹਿਣੀ, ਸਿਟੀ-ਐੱਸ ਪੀ ਅਤੇ ਕਰੋਲ ਬਾਗ ਨੇ ਵੀ ਆਪਣੇ ਟੀਚਿਆਂ ਤੋਂ ਵੱਧ ਸਫ਼ਾਈ ਕੀਤੀ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵੱਡੇ ਨਾਲਿਆਂ ਵਿੱਚੋਂ ਲਗਭਗ 40 ਹਜ਼ਾਰ ਮੀਟ੍ਰਿਕ ਟਨ ਵੱਧ ਗਾਰ ਕੱਢੀ ਗਈ ਹੈ। ਛੋਟੇ ਨਾਲਿਆਂ ਦੀ ਸਫ਼ਾਈ ਵਿੱਚ ਸਾਊਥ ਸ਼ਾਹਦਰਾ, ਨਰੇਲਾ ਅਤੇ ਸੈਂਟਰਲ ਜ਼ੋਨ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ ਹਾਲਾਂਕਿ ਵੈਸਟ ਜ਼ੋਨ ਆਪਣੇ ਟੀਚੇ ਤੋਂ ਪਿੱਛੇ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਲ-ਥਲ ਤੋਂ ਬਚਣ ਲਈ ਸਫ਼ਾਈ ਦੋ ਪੜਾਵਾਂ ਵਿੱਚ ਹੁੰਦੀ ਹੈ ਅਤੇ ਦੂਜਾ ਪੜਾਅ ਪਹਿਲੀ ਜੁਲਾਈ ਤੋਂ 31 ਦਸੰਬਰ ਤੱਕ ਜਾਰੀ ਰਹੇਗਾ।

