ਨਗਰ ਨਿਗਮ ਚੋਣਾਂ: ਅੱਜ ਸ਼ਾਮ ਬੰਦ ਹੋ ਜਾਵੇਗਾ ਚੋਣ ਪ੍ਰਚਾਰ : The Tribune India

ਨਗਰ ਨਿਗਮ ਚੋਣਾਂ: ਅੱਜ ਸ਼ਾਮ ਬੰਦ ਹੋ ਜਾਵੇਗਾ ਚੋਣ ਪ੍ਰਚਾਰ

ਨਿਗਮ ਦੇ 250 ਵਾਰਡਾਂ ਲਈ 4 ਦਸੰਬਰ ਨੂੰ ਪੈਣਗੀਆਂ ਵੋਟਾਂ

ਨਗਰ ਨਿਗਮ ਚੋਣਾਂ: ਅੱਜ ਸ਼ਾਮ ਬੰਦ ਹੋ ਜਾਵੇਗਾ ਚੋਣ ਪ੍ਰਚਾਰ

ਚੋਣ ਮੁਹਿੰਮ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਸਨਮਾਨ ਕਰਦੇ ਹੋਏ ਪਾਰਟੀ ਆਗੂ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਦਸੰਬਰ

ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਲਈ 4 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਗੰਭੀਰਤਾ ਨਾਲ ਚੋਣ ਲੜ ਰਹੇ ਉਮੀਦਵਾਰਾਂ ਨੇ ਆਖ਼ਰੀ ਦੋ ਦਿਨਾਂ ਦੌਰਾਨ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਨਾਲ ਹੀ ਉਮੀਦਵਾਰਾਂ ਵੱਲੋਂ ਹੁਣ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਜਾਣ ਤੇ ਹਰੇਕ ਮੁੱਹਲੇ ਦੀ ਗਲੀ ਵਿੱਚੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਕਾਰਕੁਨਾਂ ਦੀ ਜ਼ਿੰਮੇਵਾਰੀ ਵੀ ਲਾ ਦਿੱਤੀ ਗਈ ਹੈ। 2 ਦਸੰਬਰ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਕਰ ਕੇ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਲਈ ਇਹ ਦੋ ਦਿਨ ਅਹਿਮ ਸਾਬਤ ਹੋਣ ਵਾਲੇ ਹਨ। ਭਲਕੇ ਸ਼ਾਮ ਮਗਰੋਂ ਰਾਤਾਂ ਨੂੰ ਵੋਟਰਾਂ ਦੀ ਖਰੀਦੋ-ਫਰੋਖਤ ਕਰਨ ਤੇ ਵੋਟਰਾਂ ਨੂੰ ਆਪਣੇ ਪਾੜੇ ਵਿੱਚ ਲਿਆਉਣ ਲਈ ਪਰਦੇ ਪਿੱਛੇ ਵਾਪਰਨ ਵਾਲੀਆਂ ਘਟਨਾਵਾਂ ਦੇ ਖਦਸ਼ੇ ਵੀ ਪ੍ਰਗਟ ਕੀਤੇ ਜਾ ਰਹੇ ਹਨ। ਉਧਰ ਦਿੱਲੀ ਪੁਲੀਸ ਤੇ ਚੋਣ ਕਮਿਸ਼ਨ ਸਮੇਤ ਪ੍ਰਸ਼ਾਸਨ ਵੱਲੋਂ ਵੀ ਵੋਟਾਂ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਕਮਰ ਕੱਸੀ ਗਈ ਹੈ। ਦਿੱਲੀ ਪੂਰਬੀ ਖੇਤਰਾਂ ਵਿੱਚ ਵੱਧ ਚੌਕਸੀ ਵਰਤੀ ਜਾ ਰਹੀ ਹੈ। ਦਿੱਲੀ ਦੀਆਂ ਮੁੱਖ ਸਿਆਸੀ ਧਿਰਾਂ ਭਾਜਪਾ, ‘ਆਪ’ ਤੇ ਕਾਂਗਰਸ ਵੱਲੋਂ ਆਪਣੇ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਤੇ ਹੁਣ ਵੋਟਰਾਂ ਦੇ ਹੱਥ ਵਿੱਚ ਜਿੱਤ ਹਾਰ ਦਾ ਫ਼ੈਸਲਾ ਹੋਵੇਗਾ ਉਹ ਕਿਸ ਧਿਰ ਦੇ ਵਾਅਦਿਆਂ ਉਪਰ ਧਿੱਜਦੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੌਮੀ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ, ਸੁਸਾਇਟੀਆਂ, ਕਲੋਨੀਆਂ ਆਦਿ ਦੀਆਂ ‘ਆਰ ਡਬਲਿਊ ਏ’ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੌਰਾਨ ‘ਆਪ’ ਵੱਲੋਂ ਆਰ ਡਬਲਿਊ ਏ ਦੇ ਅਹੁਦੇਦਾਰਾਂ ਨੂੰ ਮਿਨੀ ਕੌਂਸਲਰ ਬਣਾਉਣ ਦੇ ਕੀਤੇ ਵਾਅਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕੁਝ ਫੰਡ ਛੋਟੇ ਕੰਮਾਂ ਲਈ ਆਰ ਡਬਲਿਊ ਏ ਨੂੰ ਦਿੱਤੇ ਜਾਣ ਜਿਸ ਨਾਲ ਉਹ ਪ੍ਰਸ਼ਾਸਨ ਜਾਂ ਸਰਕਾਰ ਵੱਲ ਦੇਖਣ ਦੀ ਥਾਂ ਖ਼ੁਦ ਹੀ ਉਹ ਕਾਰਜ ਕਰਵਾ ਲੈਣ। ਉਨ੍ਹਾਂ ਸੜਕ ਬਾਰੇ ਫ਼ੈਸਲਾ, ਮੱਛਰਾਂ ਦੀ ਰੋਕਥਾਮ, ਦਰਖ਼ੱਤ ਕੱਟਣ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਸ ਬਾਬਤ ਕੌਂਸਲਰਾਂ ਤੋਂ ਪਹਿਲਾਂ ਮਿਨੀ ਕੌਂਸਲਰ ਆਪਸੀ ਰਾਇ ਨਾਲ ਫ਼ੈਸਲਾ ਕਰਨ ਤੇ ਜਨਤਾ ਨਾਲ ਮਿਲ ਕੇ ਫ਼ੈਸਲੇ ਲਏ ਜਾਣ ਜਿਨ੍ਹਾਂ ਨੂੰ ਸਥਾਨਕ ਵਿਧਾਇਕ, ਮੁੱਖ ਮੰਤਰੀ, ਮੰਤਰੀ ਤੇ ਮੁੱਖ ਸਕੱਤਰ ਨਾਲ ਮਿਲ ਕੇ ਅੱਗੇ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸੋਚਣਾ ਹੈ ਕਿ ਆਰਡਬਲਿਊਏ ਨੂੰ ਕੁਝ ਹਾਲਤਾਂ ਵਿੱਚ ਵਿਤੀ ਤਾਕਤਾਂ ਦਿੱਤੀਆਂ ਜਾਣ। ਇਹ ਵਿਚਾਰ ਨਵਾਂ ਹੈ ਜਿਸ ਤਹਿਤ ਆਮ ਲੋਕਾਂ ਦੀ ਸ਼ਮੂਲੀਅਤ ਹੋਵੇ ਤੇ ਆਮ ਲੋਕ ਭਾਗੀਦਾਰ ਬਣਨ ਜੋ ਗਵਰਨੈਂਸ ਦਾ ਨਵਾਂ ਮਾਡਲ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ਯੂਨਾਈਟਡ ਵੱਲੋਂ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਯੂਨਾਈਟਡ ਨੇ ਅੱਜ ਦਿੱਲੀ ਵਿੱਚ 4 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਹ ਜਾਣਕਾਰੀ ਪਾਰਟੀ ਦੀ ਦਿੱਲੀ ਇਕਾਈ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਦਿੱਤੀ। ਬੰਨੀ ਜੌਲੀ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਕੋਲ ਭਾਜਪਾ ਤੋਂ ਵਧੀਆ ਹੋਰ ਕੋਈ ਵਿਕਲਪ ਨਹੀਂ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਬੇ ਸਮੇਂ ਤੋਂ ਚਲੀ ਆ ਰਹੀ ਸਿੱਖਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸੰਗਤ ਵਾਸਤੇ ਕਰਤਾਰ ਪੁਰ ਲਾਂਘਾ ਖੋਲ੍ਹਿਆ, ਗੁਰੂ ਤੇਗ ਬਹਾਦਰ ਦਾ 400ਵਾਂ ਪ੍ਰਕਾਸ਼ ਪੁਰਬ ਅਤੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਸਰਕਾਰੀ ਪੱਧਰ ’ਤੇ ਮਨਾਇਆ ਗਿਆ। 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਣ ਦਾ ਕੰਮ ਵੀ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹੀ ਸੰਭਵ ਹੋਇਆ ਹੈ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਲੇਕਿਨ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਸ ਦੀ ਕਾਰਜਸ਼ੈਲੀ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ। ਦਿੱਲੀ ਵਿੱਚ ਪਾਰਟੀ ਦੇ ਤਿੰਨ ਵਿਧਾਇਕ ਚੁਣੇ ਜਾਣ ਤੋਂ ਬਾਅਦ ਵੀ ਇੱਕ ਨੂੰ ਵੀ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਦਿੱਲੀ ਵਿੱਚ ਕਾਂਗਰਸ ਅਤੇ ਭਾਜਪਾ ਦੀ ਸਰਕਾਰ ਵੇਲੇ ਇੱਕ ਸਿੱਖ ਮੰਤਰੀ ਹਮੇਸ਼ਾ ਹੁੰਦਾ ਸੀ।

ਸੋਨੀਆ ਗਾਂਧੀ ਦਾ ਸੁਫ਼ਨਾ ਸੀ ‘ਜਹਾਂ ਝੁੱਗੀ ਵਹੀਂ ਮਕਾਨ’: ਕਾਂਗਰਸ

ਕਾਂਗਰਸ ਸਰਕਾਰ ਵੱਲੋਂ ਦਿੱਲੀ ਦੇ ਗਰੀਬਾਂ ਲਈ ‘ਜਹਾਂ ਝੁੱਗੀ ਵਹੀਂ ਮਕਾਨ’ ਅਤੇ ਰਾਜੀਵ ਰਤਨ ਆਵਾਸ ਤਹਿਤ ਬਣਾਏ ਗਏ ਫਲੈਟਾਂ ’ਤੇ ਦੋਵਾਂ ਪਾਰਟੀਆਂ ਵੱਲੋਂ ਖੇਡੀ ਜਾ ਰਹੀ ਸਿਆਸਤ ’ਤੇ ਸੂਬਾ ਕਾਂਗਰਸ ਦਫ਼ਤਰ ਰਾਜੀਵ ਭਵਨ, ਦਿੱਲੀ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਭਾਸ਼ ਚੋਪੜਾ, ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਸਾਬਕਾ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ, ਸਾਬਕਾ ਸੰਸਦ ਪਰਵੇਜ਼ ਹਾਸ਼ਮੀ ਨੇ ਇਹ ਪ੍ਰਗਟਾਵਾ ਕੀਤਾ ਕਿ ‘ਜਹਾਂ ਝੁੱਗੀ ਵਹੀੀਂ ਮਕਾਨ’ ਸੋਨੀਆ ਗਾਂਧੀ ਦਾ ਸੁਪਨਾ ਸੀ। ਸ੍ਰੀ ਸੁਭਾਸ਼ ਚੋਪੜਾ ਨੇ ਕਿਹਾ ਕਿ ਯੂਪੀਏ ਚੇਅਰਪਰਸਨ ਦਾ ਸੁਫ਼ਨਾ ਸੀ ਜਿਸ ਨੇ ਵਪਾਰਕ ਜ਼ਮੀਨ ਨੂੰ ਰਿਹਾਇਸ਼ੀ ਜ਼ਮੀਨ ਵਿੱਚ ਤਬਦੀਲ ਕਰ ਕੇ 8064 ਫਲੈਟਾਂ ਦੀ ਉਸਾਰੀ ਦਾ ਰਾਹ ਸਾਫ਼ ਕੀਤਾ ਸੀ। ਝੁੱਗੀ-ਝੌਪੜੀ ਵਾਲਿਆਂ ਨੂੰ ਹਟਾ ਕੇ 2013 ਵਿੱਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਜੋ ਕਿ 3 ਸਾਲਾਂ ਵਿੱਚ ਪੂਰਾ ਹੋਣਾ ਸੀ। ਪਰ ਪਹਿਲੇ ਪੜਾਅ ਵਿੱਚ ਬਣਾਏ ਗਏ 3000 ਫਲੈਟਾਂ ਨੂੰ 9 ਸਾਲਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਗਮ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਗਰੀਬ ਲੋਕਾਂ ਨੂੰ ਚਾਬੀਆਂ ਦੇ ਕੇ ਭਾਜਪਾ ਨੇ ਨਿਗਮ ਚੋਣਾਂ ਵਿੱਚ ਕੈਸ਼ ਕਰਨ ਦਾ ਕੰਮ ਕੀਤਾ ਹੈ।

ਸੌਰਭ ਭਾਰਦਵਾਜ ਨੂੰ ‘ਆਪ’ ’ਚੋਂ ਤੁਰੰਤ ਮੁਅੱਤਲ ਕਰਨ ਕੇਜਰੀਵਾਲ: ਭਾਜਪਾ

ਦਿੱਲੀ ਭਾਜਪਾ ਦੇ ਮੀਤ ਪ੍ਰਧਾਨ ਜੈਵੀਰ ਰਾਣਾ, ਗੌਰਵ ਖਰੀ ਤੇ ਬੁਲਾਰੇ ਸਤ ਪ੍ਰਕਾਸ਼ ਰਾਣਾ, ਵਿਕਰਮ ਬਿਧੂੜੀ ਤੇ ਅਜੇ ਸਹਿਰਾਵਤ ਨੇ ਇੱਕ ਸਾਂਝੇ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਵੱਲੋਂ ਦਿੱਲੀ ਵਾਸੀਆਂ ਦਾ ਅਪਮਾਨ ਕਰਨ ਦੀ ਨਿਖੇਧੀ ਕੀਤੀ ਹੈ। ਕਿਹਾ ਜਾਂਦਾ ਹੈ ਕਿ ਪਿੰਡ ਵਾਸੀ ਸ਼ਰਾਬੀ ਹਨ ਅਤੇ ਚੋਣਾਂ ਦੌਰਾਨ ਸ਼ਰਾਬ ਦੀ ਮੰਗ ਕਰਦੇ ਹਨ। ਵਿਧਾਇਕ ਸੌਰਭ ਭਾਰਦਵਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਜੀਕੇ ਵਾਰਡ ਤੋਂ ਐਮਸੀਡੀ ਉਮੀਦਵਾਰ ਵੀ ਬੈਠਾ ਹੈ ਅਤੇ ਸੌਰਭ ਭਾਰਦਵਾਜ ਆਪਣੇ ਭਾਸ਼ਣ ਵਿੱਚ ਹੱਸ ਕੇ ਪਿੰਡ ਵਾਸੀਆਂ ਦਾ ਅਪਮਾਨ ਕਰ ਰਿਹਾ ਹੈ। ਭਾਜਪਾ ਆਗੂਆਂ ਨੇ ਕਿਹਾ ਹੈ ਕਿ ਦਿੱਲੀ ਭਰ ਦੇ ਪਿੰਡਾਂ ਦੇ ਲੋਕ ‘ਆਪ’ ਦੇ ਸੀਨੀਅਰ ਵਿਧਾਇਕ ਅਤੇ ਮੁੱਖ ਬੁਲਾਰੇ ਵੱਲੋਂ ਉਨ੍ਹਾਂ ਬਾਰੇ ਮਾੜੀ ਰਾਏ ਜ਼ਾਹਰ ਕਰਨ ਤੋਂ ਹੈਰਾਨ ਹਨ। ਭਾਜਪਾ ਨੇਤਾਵਾਂ ਨੇ ਕਿਹਾ ਹੈ ਕਿ ਚਿਰਾਗ ਦਿੱਲੀ, ਜਮਰੌਦਪੁਰ, ਸ਼ਾਹਪੁਰ ਜਾਟ ਸਮੇਤ ਦਿੱਲੀ ਦੇ ਸਾਰੇ 365 ਪਿੰਡਾਂ ਦੇ ਨਿਵਾਸੀ ਪਰੇਸ਼ਾਨ ਹਨ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਆਪਣੇ ਵਿਧਾਇਕ ਦੇ ਦਿੱਲੀ ਦੇ ਪਿੰਡ ਵਾਸੀਆਂ ਖਿਲਾਫ ਅਪਮਾਨਜਨਕ ਬਿਆਨ ਨਾਲ ਸਹਿਮਤ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All