ਤਿੰਨ ਹਜ਼ਾਰ ਤੋਂ ਵੱਧ ਨਕਲੀ ਬਲੈਕ ਫੰਗਸ ਦੇ ਟੀਕੇ ਬਰਾਮਦ

ਤਿੰਨ ਹਜ਼ਾਰ ਤੋਂ ਵੱਧ ਨਕਲੀ ਬਲੈਕ ਫੰਗਸ ਦੇ ਟੀਕੇ ਬਰਾਮਦ

ਦਿੱਲੀ ਕਰਾਈਮ ਬਰਾਂਚ ਵਲੋਂ ਕਾਬੂ ਕੀਤੇ ਗਏ ਮੁਲਜ਼ਮ ਪੁਲੀਸ ਪਾਰਟੀ ਨਾਲ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 20 ਜੂਨ

ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਬਲੈਕ ਫੰਗਸ ਦੇ ਇਲਾਜ ਲਈ ਇਸਤੇਮਾਲ ਹੁੰਦੇ ਲਿਪੋਸੋਮਲ ਐਮਫੋਟੀਰਸਿਨ-ਬੀ ਦੇ ਨਕਲੀ ਟੀਕੇ ਬਣਾਉਣ ਤੇ ਵੇਚਣ ਦੇ ਦੋਸ਼ ਹੇਠ ਦਸ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਵਿੱਚ ਦੋ ਡਾਕਟਰ ਵੀ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਦੱਖਣੀ-ਪੂਰਬੀ ਦਿੱਲੀ ਵਿਚ ਇਕ ਡਾਕਟਰ ਡਾਕਟਰ ਅਲਤਮਸ ਹੁਸੈਨ ਦੇ ਘਰੋਂ ਨਕਲੀ ਟੀਕਿਆਂ ਦੀਆਂ 3,293 ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਦੋਂ ਅਪਰਾਧ ਸ਼ਾਖਾ ਨੇ ਨਿਜ਼ਾਮੂਦੀਨ ਪੱਛਮੀ ਖੇਤਰ ਵਿਚ ਮਕਾਨ ‘ਤੇ ਛਾਪਾ ਮਾਰਿਆ ਤਾਂ ਜਾਅਲੀ ਟੀਕੇ ਲਾਉਣ ਦਾ ਇਕ ਮਾਮਲਾ ਸਾਹਮਣੇ ਆਇਆ। ਅਪਰਾਧ ਸ਼ਾਖਾ ਦੀ ਡੀਸੀਪੀ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਜ਼ਿਆਦਾਤਰ ਟੀਕੇ ਬਲੈਕ ਫੰਗਸ ਦਾ ਇਲਾਜ ਕਰਨ ਲਈ ਵਰਤੇ ਜਾਣ ਵਾਲੇ ਸਨ ਜਦੋਂ ਕਿ ਕੁਝ ਰੈਮਡੇਸਿਵਿਰ ਟੀਕੇ ਸਨ। ਇਨ੍ਹਾਂ ਵਿੱਚੋਂ ਕੁਝ ਟੀਕੇ ਆਪਣੀ ਮਿਆਦ ਖਤਮ ਹੋਣ ਦੀਆਂ ਤਰੀਕਾਂ ਪਾਰ ਕਰ ਗਏ ਸਨ। ਐਮਫੋਟੇਰੀਸਿਨ-ਬੀ ਦੀ ਵਰਤੋਂ ਮਾਕਰੋਮਾਈਕੋਸਿਸ ਦੇ ਇਲਾਜ ਲਈ ਕੀਤੀ ਜਾਂਦੀ ਹੈ, ਜਿਸ ਨੂੰ ਬਲੈਕ ਫੰਗਸ ਵੀ ਕਿਹਾ ਜਾਂਦਾ ਹੈ, ਜੋ ਨੱਕ, ਅੱਖਾਂ, ਸਾਈਨਸ ਤੇ ਕਈ ਵਾਰ ਦਿਮਾਗ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਹ ਡਾਇਬਟੀਜ਼ ਜਾਂ ਗੰਭੀਰ ਵਿਅਕਤੀਆਂ ਜਿਵੇਂ ਕਿ ਕੈਂਸਰ ਦੇ ਮਰੀਜ਼ਾਂ ਜਾਂ ਐਚਆਈਵੀ / ਏਡਜ਼ ਵਾਲੇ ਲੋਕਾਂ ਵਿੱਚ ਜਾਨਲੇਵਾ ਹੋ ਸਕਦਾ ਹੈ। ਪੁਲੀਸ ਇਸ ਰੈਕੇਟ ਵਿਚ ਸ਼ਾਮਲ ਡਾਕਟਰਾਂ ਦੀਆਂ ਮੈਡੀਕਲ ਡਿਗਰੀਆਂ ਦੀ ਵੀ ਜਾਂਚ ਕਰੇਗੀ। ਪੁਲੀਸ ਦੀ ਛਾਪੇਮਾਰੀ ਉਦੋਂ ਕੀਤੀ ਗਈ ਜਦੋਂ ਇਸ ਨੂੰ 7 ਜੂਨ ਨੂੰ ਦਿੱਲੀ ਸਰਕਾਰ ਦੇ ਡਰੱਗ ਕੰਟਰੋਲ ਵਿਭਾਗ ਤੋਂ ਨਕਲੀ ਟੀਕੇ ਲਗਾਉਣ ਦੀ ਸ਼ਿਕਾਇਤ ਮਿਲੀ ਸੀ। ਇਸ ਗਰੋਹ ਨੇ 400 ਤੋਂ ਵੱਧ ਜਾਅਲੀ ਟੀਕੇ ਵੇਚੇ ਸਨ। ਉਹ ਹਰੇਕ ਇੰਜੈਕਸ਼ਨ ਦੀ 250 ਦੀ ਕੀਮਤ ਦੀ ਥਾਂ 12,000 ਤਕ ਵੇਚਦੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All