ਮੋਹਨਜੀਤ ਦੀ ਜੀਵਨੀ ‘ਉਮਰਾਂ ਦੀ ਲੀਲਾ’ ਲੋਕ ਅਰਪਣ
ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਡਾ. ਮੋਹਨਜੀਤ ਦੀ ਯਾਦ ’ਚ ‘ਡਾ. ਮੋਹਨਜੀਤ ਨੂੰ ਚੇਤੇ ਕਰਦਿਆਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਡਾ. ਵਨੀਤਾ ਨੇ ਕੀਤੀ। ਆਰੰਭ ’ਚ ਡਾ. ਹਰਵਿੰਦਰ ਸਿੰਘ ਨੇ ਡਾ. ਮੋਹਨਜੀਤ ਦੇ ਬਾਰੇ ’ਚ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਮਰਹੂਮ ਡਾ. ਮਨਮੋਹਨ ਸਿੰਘ ਦੀ ਅਗਵਾਈ ’ਚ ਚਲੇ ਸਦਨ ਦੀ ਤਰੱਕੀ ਬਾਰੇ ਚਾਨਣਾ ਪਾਉਂਦਿਆਂ ਸਭ ਨੂੰ ਜੀਅ ਆਇਆਂ ਨੂੰ ਕਿਹਾ। ਇਸ ਤੋਂ ਬਾਅਦ ਡਾ. ਮੋਹਨਜੀਤ ਦੇ ਪਰਿਵਾਰਕ ਮੈਂਬਰਾਂ ਅਤੇ ਡਾ. ਸਵਰਾਜਬੀਰ, ਡਾ. ਵਨੀਤਾ ਆਦਿ ਪਤਵੰਤਿਆਂ ਵੱਲੋਂ ਡਾ. ਮੋਹਨਜੀਤ ਦੀ ਜੀਵਨੀ ਪੁਸਤਕ ‘ਉਮਰਾਂ ਦੀ ਲੀਲਾ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਮੋਹਨਜੀਤ ਰਾਹੀਂ ਗਾਈ ਕਵਿਤਾ ‘ਨਦੀਏ ਨੀ ਤੇਰਾ ਨੀਰ ਬੋਲਦਾ’ ਪ੍ਰਾਜੈਕਟਰ ਰਾਹੀਂ ਪੇਸ਼ ਕੀਤੀ ਗਈ। ਉੱਘੇ ਨਾਟਕਕਾਰ ਡਾ. ਸਵਰਾਜਬੀਰ ਨੇ ਡਾ. ਮੋਹਨਜੀਤ ਨਾਲ 1985 ਤੋਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਦੀ ਕਵਿਤਾ ‘ਹਾਦਸਾ’ ਤੇ ਕੁਝ ਗਜ਼ਲਾਂ ਵੀ ਸਰਵਣ ਕਰਾਈਆਂ। ਉਨ੍ਹਾਂ ਡਾ. ਮੋਹਨਜੀਤ ਨਾਲ ਦਿੱਲੀ ਅਤੇ ਅੰਮ੍ਰਿਤਸਰ ’ਚ ਬਿਤਾਏ ਸਮੇਂ ਦਾ ਵਿਸਥਾਰ ਸਹਿਤ ਵਰਣਨ ਕਰਦਿਆਂ ਉਨ੍ਹਾਂ ’ਤੇ ਲਿਖੀ ਆਪਣੀ ਕਵਿਤਾ ‘ਤੁਰ ਗਿਆਂ ਏ ਵੀਰ ਮੇਰੇ’ ਸਰਵਣ ਕਰਵਾਈ।
ਤਰਸੇਮ ਨੇ ਮੋਹਨਜੀਤ ਨੂੰ ਮੁਹੱਬਤੀ ਸੁਭਾਅ ਵਾਲੀ ਅਜਿਹੀ ਸ਼ਖ਼ਸੀਅਤ ਕਿਹਾ ਜੋ ਹਮੇਸ਼ਾ ਪੜ੍ਹਨ-ਅਧਿਐਨ ਨਾਲ ਜੁੜੇ ਰਹੇ। ਡਾ. ਕੁਲਵੀਰ ਗੋਜਰਾ ਨੇ ਮੋਹਨਜੀਤ ਨੂੰ ਫਕੀਰਨੁਮਾ ਇਨਸਾਨ ਦੱਸਦਿਆਂ ਉਨ੍ਹਾਂ ਦੇ ਸਰੋਤੇ ਤੋਂ ਪਾਠਕ ਤੇ ਫਿਰ ਲੇਖਕ ਬਣਨ ਦੇ ਸਫ਼ਰ ਨੂੰ ਸਾਂਝਿਆਂ ਕੀਤਾ। ਸਤਪਾਲ ਭੀਖੀ ਨੇ ਡਾ. ਮੋਹਨਜੀਤ ਨਾਲ ਆਪਣੀਆਂ ਭਾਵਪੂਰਨ ਯਾਦਾਂ ਨੂੰ ਸਾਂਝਿਆਂ ਕਰਦਿਆਂ ਉਨ੍ਹਾਂ ਨੂੰ ਅਜਿਹੇ ਨਿਵੇਕਲੇ ਕਿਸਮ ਦੇ ਸ਼ਾਇਰ ਕਿਹਾ ਜਿਨ੍ਹਾਂ ਬਾਰੇ ਹਾਲੇ ਭਰਪੂਰ ਗੱਲ ਨਹੀਂ ਹੋਈ। ਮੁੰਬਈ ਤੋਂ ਪਹੁੰਚੇ ਡਾ. ਮੋਹਨਜੀਤ ਦੇ ਭਣੇਵੇਂ ਦੀਪਕ ਅਤੇ ਮੋਹਨਜੀਤ ਦੇ ਬੇਟੇ ਨੀਲਾਂਬਰ ਤੇ ਸਨੇਹਅੰਬਰ ਨੇ ਵੀ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਦੇ ਅਖੀਰ ’ਚ ਸਦਨ ਦੀ ਖੋਜ-ਵਿਦਿਆਰਥਣ ਹਰਮਨਗੀਤ ਕੌਰ ਨੇ ਸਦਨ ਵੱਲੋਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਡਾ. ਮੋਹਨਜੀਤ ਦੇ ਪਰਿਵਾਰਕ ਮੈਂਬਰਾਂ, ਨਾਵਲਕਾਰ ਨਛੱਤਰ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਮਨੀਸ਼ਾ ਬਤਰਾ, ਡਾ. ਕਰਨਜੀਤ ਸਿੰਘ ਕੋਮਲ ਸਮੇਤ ਵੱਡੀ ਗਿਣਤੀ ’ਚ ਪਹੁੰਚੇ ਖੋਜ-ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ’ਚ ਨਿੱਘੀ ਹਾਜ਼ਰੀ ਭਰੀ। ਡਾ. ਹਰਵਿੰਦਰ ਸਿੰਘ ਨੇ ਸਾਰੇ ਪ੍ਰੋਗਰਾਮ ਦਾ ਬਾਖੂਬੀ ਸੰਚਾਲਨ ਕੀਤਾ।