ਮੋਦੀ ਦੀਆਂ ਗਾਰੰਟੀਆਂ ਨਕਲੀ: ਕੇਜਰੀਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਜੂਨ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ਸਰਕਾਰ ’ਤੇ ਆਪਣੇ ‘ਅਮੀਰ ਦੋਸਤਾਂ’ ਨੂੰ ਲਾਭ ਪਹੁੰਚਾਉਣ ਲਈ ਝੁੱਗੀਆਂ-ਝੌਂਪੜੀਆਂ ਨੂੰ ਢਾਹੁਣ ਦਾ ਦੋਸ਼ ਲਗਾਇਆ। ਕੇਜਰੀਵਾਲ ਨੇ ਚਿਤਾਵਨੀ ਦਿੱਤੀ ਕਿ ਜੇ ਤੋੜਫੋੜ ਜਾਰੀ ਰਿਹਾ ਤਾਂ ਸੱਤਾਧਾਰੀ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰੇਗੀ।
ਜੰਤਰ-ਮੰਤਰ ’ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ, ਕੇਜਰੀਵਾਲ ਨੇ ਦਾਅਵਾ ਕੀਤਾ ਕਿ 25 ਸਾਲਾਂ ਬਾਅਦ ਦਿੱਲੀ ਵਿੱਚ ਸੱਤਾ ਵਿੱਚ ਵਾਪਸ ਆਈ ਭਾਜਪਾ ਨੇ ‘ਜਹਾਂ ਝੁੱਗੀ ਵਹਾਂ ਮਕਾਨ’ ਦੇ ਆਪਣੇ ਵਾਅਦੇ ਨੂੰ ਧੋਖਾ ਦਿੱਤਾ ਹੈ ਅਤੇ ਇਸ ਦੀ ਬਜਾਏ ਸਰਕਾਰ ਬਣਾਉਣ ਦੇ ਮਹੀਨਿਆਂ ਦੇ ਅੰਦਰ-ਅੰਦਰ ਝੁੱਗੀਆਂ ਢਾਹੀਆਂ ਜਾ ਰਹੀਆਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਕਲੀ ਗਾਰੰਟੀਆਂ ਦੇਣ ਦਾ ਦੋਸ਼ ਲਗਾਇਆ ਅਤੇ ਚਿਤਾਵਨੀ ਦਿੱਤੀ ਕਿ ਜੇ ਤੋੜਫੋੜ ਬੰਦ ਨਾ ਕੀਤੀ ਗਿਆ ਤਾਂ ਉਨ੍ਹਾਂ ਦੀ ਪਾਰਟੀ ਨਵਾਂ ਅੰਦੋਲਨ ਸ਼ੁਰੂ ਕਰੇਗੀ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਸਰਕਾਰ ਨੂੰ ਬਣੇ ਸਿਰਫ਼ ਪੰਜ ਮਹੀਨੇ ਹੋਏ ਹਨ ਤੇ ਲੋਕ ਉਨ੍ਹਾਂ ਵਿਰੁੱਧ ਵਿਰੋਧ ਕਰਨ ਲਈ ਜੰਤਰ-ਮੰਤਰ ’ਤੇ ਆਉਣ ਲਈ ਮਜਬੂਰ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉਨ੍ਹਾਂ ਨੇ ਇਸ ਸਬੰਧੀ ਸੰਕੇਤ ਦੇ ਦਿੱਤਾ ਸੀ ਕਿ ਇਨ੍ਹਾਂ ਨੂੰ ਵੋਟ ਨਾ ਪਾਓ, ਕਿਉਂਕਿ ਤੁਹਾਡੀ ‘ਝੁੱਗੀ’ ਉਨ੍ਹਾਂ ਦਾ ਨਿਸ਼ਾਨਾ ਹੈ। ਉਹ ਦਿੱਲੀ ਨੂੰ ਤਬਾਹ ਕਰ ਰਹੇ ਹਨ। ਅਤਿ ਦੀ ਗਰਮੀ ਵਿੱਚ ਗਰੀਬਾਂ ਨੂੰ ਬੇਘਰ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘‘ਝੂਠਾ’ ਦੱਸਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਗਾਰੰਟੀਆਂ ਨਕਲੀ ਹਨ। ਉਨ੍ਹਾਂ ਨੇ ‘ਜਹਾਂ ਝੁੱਗੀ ਵਹਾਂ ਮਕਾਨ’ ਦਾ ਵਾਅਦਾ ਕੀਤਾ ਸੀ। ਸੱਚ ਇਹ ਹੈ: ‘ਜਹਾਂ ਝੁੱਗੀ, ਵਹਾਂ ਮੈਦਾਨ’। ਉਹ ਤੁਹਾਡੀ ਜ਼ਮੀਨ ਸਾਫ਼ ਕਰਨਾ ਚਾਹੁੰਦੇ ਹਨ ਅਤੇ ਇਸ ਨੂੰ ਆਪਣੇ ਦੋਸਤਾਂ ਨੂੰ ਸੌਂਪਣਾ ਚਾਹੁੰਦੇ ਹਨ।
ਉਨ੍ਹਾਂ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਦੇ ਨਵੇਂ ਭਾਜਪਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਤੁਸੀਂ ਘਰਾਂ ਨੂੰ ਬੁਲਡੋਜ਼ਰ ਨਾਲ ਢਾਹੁਣਾ ਬੰਦ ਨਹੀਂ ਕੀਤਾ, ਤਾਂ ਤੁਹਾਡੀ ਸਰਕਾਰ ਪੰਜ ਸਾਲ ਪੂਰੇ ਨਹੀਂ ਕਰੇਗੀ। ਇਹ ਤਿੰਨ ਸਾਲਾਂ ਵਿੱਚ ਖਤਮ ਹੋ ਜਾਵੇਗੀ। ਕਾਂਗਰਸ ਸਰਕਾਰ ਨੂੰ ਅੰਨਾ ਅੰਦੋਲਨ ਦੌਰਾਨ ਇਸੇ ਜੰਤਰ-ਮੰਤਰ ਤੋਂ ਡੇਗ ਦਿੱਤਾ ਗਿਆ ਸੀ, ਜੇਕਰ ਲੋੜ ਪਈ ਤਾਂ ਅਸੀਂ ਇੱਕ ਹੋਰ ਅੰਦੋਲਨ ਸ਼ੁਰੂ ਕਰਾਂਗੇ। ਭਾਜਪਾ ‘ਤੇ ਦਿੱਲੀ ਦੀ ਮੁਫ਼ਤ ਬਿਜਲੀ ਯੋਜਨਾ ਨੂੰ ਖਤਮ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਉਂਦੇ ਹੋਏ, ਕੇਜਰੀਵਾਲ ਨੇ ਅੱਗੇ ਕਿਹਾ ਕਿ ਜੋ ਉਹ ਕਹਿੰਦਾ ਹੈ ਉਹ ਸੱਚ ਸਾਬਤ ਹੁੰਦਾ ਹੈ। ਹੁਣ ਉਹ ਤੁਹਾਨੂੰ ਦੱਸ ਰਿਹਾ ਹੈ ਕਿ ਭਾਜਪਾ ਇੱਕ ਸਾਲ ਦੇ ਵਿੱਚ ਮੁਫ਼ਤ ਬਿਜਲੀ ਬੰਦ ਕਰ ਦੇਵੇਗੀ। ਉਨ੍ਹਾਂ ਲੋਕਾਂ ਨੂੰ ਭਾਜਪਾ ਦੇ ਵਾਅਦਿਆਂ ’ਤੇ ਭਰੋਸਾ ਨਾ ਕਰਨ ਦੀ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਮੋਦੀ ਦੀ ਗਾਰੰਟੀ ’ਤੇ ਕਦੇ ਵੀ ਭਰੋਸਾ ਨਾ ਕਰੋ। ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਦੀ ਵੀ ਆਲੋਚਨਾ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ, ਸਾਬਕਾ ਮੁੱਖ ਮੰਤਰੀ ਆਤਿਸ਼ੀ, ਪਾਰਟੀ ਆਗੂ ਗੋਪਾਲ ਰਾਏ, ਸੌਰਭ ਭਾਰਦਵਾਜ ਅਤੇ ਹੋਰਨਾਂ ਆਗੂਆਂ ਨੇ ਭਾਜਪਾ ਸਰਕਾਰ ਖ਼ਿਲਾਫ਼ ਨਿਸ਼ਾਨੇ ਸੇਧੇ ਅਤੇ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਦੀ ਆਲੋਚਨਾ ਕੀਤੀ।
ਮਗਰਮੱਛ ਦੇ ਹੰਝੂ ਵਹਾ ਰਹੇ ਨੇ ਕੇਜਰੀਵਾਲ: ਸੱਚਦੇਵਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੇਜਰੀਵਾਲ ’ਤੇ ਪਲਟਵਾਰ ਕਰਦੇ ਹੋਏ, ਦਿੱਲੀ ਭਾਜਪਾ ਮੁਖੀ ਵੀਰੇਂਦਰ ਸਚਦੇਵਾ ਨੇ ਕਿਹਾ ਕਿ ‘ਆਪ’ ਦੀ ਰੈਲੀ ਝੁੱਗੀ-ਝੌਂਪੜੀ ਵਾਲਿਆਂ ਤੋਂ ਅਸਲ ਸਮਰਥਨ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੀ ਹੈ। ਝੁੱਗੀ ਵਾਸੀਆਂ ਦੇ ਨਾਮ ’ਤੇ ਅਖੌਤੀ ਜਨਤਕ ਮੀਟਿੰਗ ਫਲਾਪ ਹੋ ਗਈ। ਕੇਜਰੀਵਾਲ ਨੇ ਫਿਰ ਆਪਣਾ ਅਰਾਜਕ ਅਤੇ ਗੈਰ-ਸੰਵਿਧਾਨਕ ਚਿਹਰਾ ਦਿਖਾਇਆ। ਉਨ੍ਹਾਂ ਕੇਜਰੀਵਾਲ ’ਤੇ ਪਖੰਡ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਉਹੀ ਨੇਤਾ ਹੈ ਜਿਸ ਨੇ ਕੋਵਿਡ ਦੌਰਾਨ ਗਰੀਬ ਝੁੱਗੀ-ਝੌਂਪੜੀ ਵਾਲਿਆਂ ਨੂੰ ਸੁਰੱਖਿਆ ਦੇਣ ਦੀ ਬਜਾਏ ਦਿੱਲੀ ਤੋਂ ਬਾਹਰ ਕੱਢਣ ਲਈ ਮਜਬੂਰ ਕੀਤਾ। ਅੱਜ ਉਨ੍ਹਾਂ ਲਈ ਮਗਰਮੱਛ ਦੇ ਹੰਝੂ ਵਹਾਏ ਜਾ ਰਹੇ ਹਨ। ਸੱਚਦੇਵਾ ਨੇ ਇਹ ਵੀ ਦਾਅਵਾ ਕੀਤਾ ਕਿ ‘ਆਪ’ ਆਗੂ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਹਮਲਾ ਕਰਨ ਲਈ ਉਕਸਾ ਰਹੇ ਸਨ। ਪ੍ਰਧਾਨ ਮੰਤਰੀ ਦੇ ਘਰ ’ਤੇ ਹਮਲਾ ਕਰਨ ਦਾ ਉਨ੍ਹਾਂ ਦਾ ਸੱਦਾ ਉਨ੍ਹਾਂ ਦਾ ਨਕਸਲੀ ਚਿਹਰਾ ਦਰਸਾਉਂਦਾ ਹੈ। ਸਿਵਲ ਸਮਾਜ ਕੋਲ ਅਜਿਹੇ ਸ਼ਬਦਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਨੇ ਆਪਣੇ ਲਈ ‘ਮਹਿਲ’ ਬਣਾਇਆ, ਉਹ ਨਰੇਲਾ ਅਤੇ ਬਵਾਨਾ ਵਰਗੇ ਇਲਾਕਿਆਂ ਵਿੱਚ ਝੁੱਗੀਆਂ-ਝੌਂਪੜੀਆਂ ਦੇ ਵਸਨੀਕਾਂ ਨੂੰ ਤਿਆਰ ਫਲੈਟ ਅਲਾਟ ਕਰਨ ਵਿੱਚ ਅਸਫ਼ਲ ਰਹੇ। ਭਾਜਪਾ ਮੁਖੀ ਨੇ ਕਿਹਾ ਕਿ ਸਰਕਾਰ ਨਾਲੀਆਂ ਅਤੇ ਰੇਲਵੇ ਲਾਈਨਾਂ ਦੇ ਨੇੜੇ ਅਣਮਨੁੱਖੀ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਲੋਕਾਂ ਨੂੰ ਬਿਹਤਰ ਜੀਵਨ ਦੇਣ ਲਈ ਵਚਨਬੱਧ ਹੈ। ਪਹਿਲਾਂ ਹੀ ਕਾਲਕਾ ਜੀ, ਜੈਲਰਵਾਲਾ ਬਾਗ, ਕਲੰਦਰ ਕਲੋਨੀ ਅਤੇ ਕਠਪੁਤਲੀ ਕਲੋਨੀ ਵਿੱਚ ਪਰਿਵਾਰਾਂ ਦਾ ਪੁਨਰਵਾਸ ਕੀਤਾ ਗਿਆ ਹੈ।