ਮੋਦੀ ਸਰਕਾਰ ਵੱਲੋਂ ਦੇਸ਼ ਨੂੰ ‘ਰਾਜੇ-ਮਹਾਰਾਜਿਆਂ’ ਦੇ ਪੁਰਾਣੇ ਯੁੱਗ ਵੱਲ ਧੱਕਣ ਦੀ ਕੋਸ਼ਿਸ਼: ਰਾਹੁਲ ਗਾਂਧੀ
ਮਨਰੇਗਾ (MGNREGA) ਨੂੰ ਖ਼ਤਮ ਕਰਨ ਦੇ ਫੈਸਲੇ ਦੀ ਨਿਖੇਧੀ; ਕਿਹਾ- ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਹੋ ਰਹੀ ਹੈ ਕੋਸ਼ਿਸ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਮਨਰੇਗਾ ਨੂੰ ਖ਼ਤਮ ਕਰਨ ਪਿੱਛੇ ਸਰਕਾਰ ਦੀ ਮਨਸ਼ਾ ਮਜ਼ਦੂਰਾਂ ਤੋਂ ਉਨ੍ਹਾਂ ਦੀ ਦਿਹਾੜੀ ਤੈਅ ਕਰਨ ਦਾ ਹੱਕ ਖੋਹਣਾ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਮਨਰੇਗਾ ਮਜ਼ਦੂਰਾਂ ਨਾਲ ਆਪਣੀ ਗੱਲਬਾਤ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਪੰਚਾਇਤਾਂ ਦੀਆਂ ਸ਼ਕਤੀਆਂ ਖੋਹ ਕੇ ਸਾਰੀ ਤਾਕਤ ਦਿੱਲੀ ਦੇ ਹੱਥਾਂ ਵਿੱਚ ਕੇਂਦਰਿਤ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਹ ਕਦਮ ਦੇਸ਼ ਨੂੰ ਮੁੜ ਉਸ ‘ਰਾਜੇ-ਮਹਾਰਾਜਿਆਂ’ ਵਾਲੇ ਪੁਰਾਣੇ ਯੁੱਗ ਵੱਲ ਧੱਕਣ ਦੀ ਕੋਸ਼ਿਸ਼ ਹੈ, ਜਿੱਥੇ ਸਾਰੀ ਦੌਲਤ ਅਤੇ ਸ਼ਕਤੀ ਸਿਰਫ਼ ਕੁਝ ਚੁਣੇ ਹੋਏ ਹੱਥਾਂ ਵਿੱਚ ਹੁੰਦੀ ਸੀ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਿਨ੍ਹਾਂ ਮਜ਼ਦੂਰਾਂ ਲਈ ਮਨਰੇਗਾ ਜੀਵਨ ਬਦਲਣ ਵਾਲੀ ਯੋਜਨਾ ਸੀ ਅੱਜ ਉਹੀ ਮਜ਼ਦੂਰ ਇਸ ਸਰਕਾਰ ਨੂੰ ‘ਗੁਲਾਮ ਬਣਾਉਣ ਵਾਲੀ ਸਰਕਾਰ’ ਕਹਿ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਘੱਟੋ-ਘੱਟ ਮਜ਼ਦੂਰੀ ਅਤੇ ਸਾਲ ਭਰ ਕੰਮ ਦੀ ਗਾਰੰਟੀ ਵਰਗੇ ਅਧਿਕਾਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਯੂਪੀਏ ਦੌਰ ਦੇ ‘ਮਨਰੇਗਾ’ ਕਾਨੂੰਨ ਨੂੰ ਬਹਾਲ ਰੱਖਣ ਲਈ 10 ਜਨਵਰੀ ਤੋਂ 45 ਦਿਨਾਂ ਦੀ ਦੇਸ਼ ਵਿਆਪੀ ਮੁਹਿੰਮ ‘ਮਨਰੇਗਾ ਬਚਾਓ ਸੰਗਰਾਮ’ ਸ਼ੁਰੂ ਕੀਤੀ ਹੋਈ ਹੈ। ਪਾਰਟੀ ਦੀ ਮੰਗ ਹੈ ਕਿ ਨਵੇਂ ‘ਵਿਕਸਿਤ ਭਾਰਤ-ਗ੍ਰਾਮ’ (VB-GRAM) ਐਕਟ ਨੂੰ ਵਾਪਸ ਲਿਆ ਜਾਵੇ।

