ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਇਹ ਤਿੰਨ ਕਾਲੇ ਕਾਨੂੰਨ ਆਏ ਹਨ ਉਦੋਂ ਤੋਂ ਹੀ ਇਨ੍ਹਾਂ ਕਾਨੂੰਨਾਂ ਰਾਹੀਂ ਖੇਤੀ ਖੇਤਰ ‘ਚ ਦਖ਼ਲ ਦੇਣ ਵਾਲੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਪ੍ਰਭਾਵਿਤ ਕਰਨ ਲਈ ਉਨ੍ਹਾਂ ਦੀ ਘੇਰਾਬੰਦੀ ਕੀਤੀ ਹੋਈ ਹੈ । ਰਿਲਾਇੰਸ ਵਲੋਂ ਖੁਦ ਚਲਾਏ ਜਾ ਰਹੇ ਪੈਟਰੋਲ ਪੰਪਾਂ ਦੇ ਮੁਲਾਜ਼ਮ, ਚੇਅਰਮੈਨ ਅਤੇ ਹੋਰ ਵਰਕਰ ਉਹ ਵੀ ਉਦੋਂ ਤੋਂ ਆਪਣੀਆਂ ਤਨਖਾਹਾਂ ਤੋਂ ਵਾਂਝੇ ਹਨ। ਉਹ ਫਰਿਆਦ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸਟੇਜ ‘ਤੇ ਆਗੂਆਂ ਨੂੰ ਮਿਲੇ ਹਨ। ਕਿਸਾਨ ਆਗੂ ਨੇ ਕਿਹਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਿਰੁੱਧ ਵਾਤਾਵਰਣ ਦੀ ਸੁਰੱਖਿਆ ਦੇ ਨਾਂ ਹੇਠ ਲਿਆਂਦੇ ਬਿੱਲਾਂ ਸਬੰਧੀ ਪਿਛਲੀਆਂ ਮੀਟਿੰਗਾਂ ‘ਚ ਕੇਂਦਰ ਸਰਕਾਰ ਦੋਵੇਂ ਕਾਨੂੰਨ ਰੱਦ ਕਰਨ ਦੀ ਗੱਲ ਕਰ ਚੁੱਕੀ ਹੈ ਪਰ ਹਕੀਕਤ ‘ਚ ਬਿਜਲੀ ਐਕਟ 2020 ਲਾਗੂ ਕਰਨ ਦੀ ਤਿਆਰੀ ਵਿੱਢੀ ਹੋਈ ਹੈ। ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਦਿੱਲੀ ਮੋਰਚੇ ‘ਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਪੰਜਾਬ ‘ਚ ਔਰਤ ਭੈਣਾਂ ਦੀਆਂ ਮੀਟਿੰਗਾਂ ਕਰਵਾਉਣ ਦਾ ਸਿਲਸਿਲਾ ਤੇਜ਼ ਕੀਤਾ ਗਿਆ ਹੈ ਕਿਉਂਕਿ ਕਿਸਾਨ ਝੋਨੇ ਦੀ ਲਵਾਈ ‘ਚ ਰੁੱਝੇ ਹੋਏ ਹਨ ਜਿਸ ਕਰ ਕੇ ਸੰਘਰਸ਼ ਨੂੰ ਮਘਦਾ ਰੱਖਣ ਲਈ ਵੱਖ ਵੱਖ ਰੂਪਾਂ ‘ਚ ਅੰਦੋਲਨ ਜਾਰੀ ਰੱਖਿਆ ਜਾਵੇਗਾ।
ਗੁਰਪ੍ਰੀਤ ਕੌਰ ਸੈਦੋਕੇ ਤੇ ਕੁਲਵਿੰਦਰ ਕੌਰ ਪਟਿਆਲਾ ਨੇ ਮੋਦੀ ਹਕੂਮਤ ਨੂੰ ਲਾਹਨਤਾਂ ਪਾਉਂਦਿਆਂ ਨਿਖੇਧੀ ਕੀਤੀ।