Minors murder: ਹਿੰਸਕ ਝੜਪ ’ਚ ਦੋ ਨਾਬਾਲਗਾਂ ਦਾ ਚਾਕੂ ਮਾਰ ਕੇ ਕਤਲ
ਦਿੱਲੀ ਪੁਲੀਸ ਨੇ ਦੱਸਿਆ ਕਿ ਉੱਤਰ-ਪੱਛਮੀ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਦੋ ਨਾਬਾਲਗਾਂ ਦੀ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਇੱਕ ਹੋਰ...
ਦਿੱਲੀ ਪੁਲੀਸ ਨੇ ਦੱਸਿਆ ਕਿ ਉੱਤਰ-ਪੱਛਮੀ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਦੋ ਨਾਬਾਲਗਾਂ ਦੀ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਇਹ ਘਟਨਾ ਰੋਹਿਣੀ ਦੇ ਸੈਕਟਰ 20 ਵਿੱਚ ਵਾਪਰੀ, ਜਿੱਥੇ ਸੁਲਤਾਨਪੁਰੀ ਇਲਾਕੇ ਦੇ ਤਿੰਨ ਨਾਬਾਲਗ ਇੱਕ ਹੋਰ ਮੁੰਡੇ ਦਾ ਪਤਾ ਲਗਾਉਣ ਲਈ ਪਹੁੰਚੇ ਸਨ, ਜਿਸ ’ਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਦੇ ਸਾਥੀ ਦੇ ਕਤਲ ਵਿੱਚ ਸ਼ਾਮਲ ਵਿਅਕਤੀਆਂ ਨੂੰ ਪਨਾਹ ਦੇ ਰਿਹਾ ਹੈ।
ਪੁਲੀਸ ਨੇ ਕਿਹਾ ਕਿ ਹਥਿਆਰਾਂ ਨਾਲ ਲੈਸ ਤਿੰਨੇ, ਉਸ ਲੜਕੇ ਨੂੰ ਨਾ ਲੱਭ ਸਕੇ ਅਤੇ ਬਾਅਦ ਵਿੱਚ ਇਲਾਕੇ ਦੇ ਸਥਾਨਕ ਪਰਿਵਾਰ ਦੇ ਮੈਂਬਰਾਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ। ਪੁਲੀਸ ਸੂਤਰਾਂ ਨੇ ਦੱਸਿਆ ਕਿ ਝਗੜੇ ਦੌਰਾਨ, ਨੌਜਵਾਨਾਂ ਨੇ ਕਥਿਤ ਤੌਰ ’ਤੇ ਔਰਤ ਅਤੇ ਉਸ ਦੇ ਪੁੱਤਰ ’ਤੇ ਹਮਲਾ ਕੀਤਾ, ਜਿਸ ਕਾਰਨ ਦੋਵੇਂ ਜ਼ਖਮੀ ਹੋ ਗਏ। ਜਿਵੇਂ ਹੀ ਤਿੰਨੇ ਮੁੰਡਿਆਂ ਨੇ ਕਥਿਤ ਤੌਰ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜ਼ਖਮੀ ਔਰਤ ਦੇ ਪੁੱਤਰ ਅਤੇ ਇਲਾਕੇ ਦੇ ਕੁਝ ਹੋਰ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਪਿੱਛਾ ਕਰਨ ਦੌਰਾਨ ਭੱਜ ਰਹੇ ਮੁੰਡਿਆਂ ਵਿੱਚੋਂ ਇੱਕ ਦੇ ਹੱਥੋਂ ਇੱਕ ਚਾਕੂ ਡਿੱਗ ਗਿਆ।
ਪੁਲੀਸ ਨੇ ਦੱਸਿਆ ਕਿ ਵਿਰੋਧੀ ਧੜੇ ਦੇ 14 ਸਾਲਾ ਲੜਕੇ ਨੇ ਕਥਿਤ ਤੌਰ ’ਤੇ ਚਾਕੂ ਚੁੱਕਿਆ ਅਤੇ ਦੋ ਨਾਬਾਲਗਾਂ ’ਤੇ ਹਮਲਾ ਕੀਤਾ। ਇੱਕ ਦੀ ਗਰਦਨ ਵਿੱਚ ਅਤੇ ਦੂਜੇ ਦੀ ਪੇਟ ਤੇ ਛਾਤੀ ਵਿੱਚ ਚਾਕੂ ਮਾਰਿਆ। ਪੁਲੀਸ ਨੇ ਇਸ ਸਬੰਧ ਵਿੱਚ ਇੱਕ ਨਾਬਾਲਗ ਨੂੰ ਕਾਬੂ ਕੀਤਾ ਹੈ। ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ’ਤੇ ਕੇਸ ਦਰਜ ਕੀਤੇ ਗਏ ਹਨ।

