ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉਪਰ ਚੱਲ ਰਹੇ ਧਰਨਿਆਂ ਵਿੱਚੋਂ ਸਭ ਤੋਂ ਜ਼ਿਆਦਾ ਭੀੜ ਵਾਲੇ ਟਿਕਰੀ ਮੋਰਚੇ ’ਤੇ ਪੁੱਜੇ ਕਿਸਾਨਾਂ ਲਈ ਡਾਕਟਰੀ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਉੱਥੇ ਲਗਾਤਾਰ ਕਿਸਾਨਾਂ ਦੀ ਸਿਹਤ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ। ਇੱਥੇ ਪੰਜਾਬ ਦੇ ਅਤੇ ਹਰਿਆਣਾ ਦੇ ਕਿਸਾਨ ਜ਼ਿਆਦਾਤਰ ਬੈਠੇ ਹੋਏ ਹਨ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਟਿਕਰੀ ਵਿੱਚ ਕੈਂਪ ਲਾਇਆ ਹੋਇਆ ਹੈ ਤੇ ਮਾਨਸਾ ਬਲਾਕ ਦੇ ਅਮਲੇ ਵੱਲੋਂ ਕਿਸਾਨਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰਾਂ ਮੁਤਾਬਕ ਇੱਥੇ ਮਰੀਜ਼ਾਂ ਦੇ ਇਲਾਜ ਲਈ ਮਾਹਿਰ ਡਾਕਟਰ ਤਾਇਨਾਤ ਹਨ ਤੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਐਸੋਸੀਏਸ਼ਨ ਕਿਸਾਨੀ ਘੋਲ ਦੇ ਹੱਕ ਵਿੱਚ ਇੱਥੇ ਪੁੱਜੀ ਹੋਈ ਹੈ ਤੇ ਡਾਕਟਰਾਂ ਨੇ ਵੀ ਕਾਨੂੰਨਾਂ ਨੂੰ ਲੋਕ ਵਿਰੋਧੀ ਕਰਾਰ ਦੇ ਕੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਗੁਰਮੁੱਖ ਸਿੰਘ ਨੇ ਟਿਕਰੀ ਤੋਂ ਦੱਸਿਆ ਕਿ ਕਿਸਾਨਾਂ ਨੂੰ ਸਿਹਤ ਪੱਖੋਂ ਕੋਈ ਕਮੀ ਨਾ ਆਵੇ ਇਸ ਲਈ ਅਜਿਹੇ ਕੈਂਪ ਬਹੁਤ ਸਹਾਈ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਖਾਣ-ਪੀਣ ਵਿੱਚ ਤਬਦੀਲੀ ਤੇ ਮੱਛਰਾਂ ਦੀ ਭਰਮਾਰ ਕਾਰਨ ਕਿਸਾਨ ਬਿਮਾਰ ਹੋ ਰਹੇ ਹਨ। ਹਾਲਾਂਕਿ ਕਿਸਾਨਾਂ ਨੇ ਮੱਛਰਦਾਨੀਆਂ ਲਾ ਰੱਖੀਆਂ ਹਨ।