
ਨਵੀਂ ਦਿੱਲੀ, 6 ਫਰਵਰੀ
ਦਿੱਲੀ ਨਗਰ ਨਿਗਮ ਹਾਊਸ ਦੀ ਕਾਰਵਾਈ ਮੇਅਰ ਦੀ ਚੋਣ ਕੀਤੇ ਬਿਨਾਂ ਤੀਜੀ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਨੇਤਾ ਆਤਿਸ਼ੀ ਨੇ ਅੱਜ ਕਿਹਾ ਕਿ ਪਾਰਟੀ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ ਤਾਂ ਜੋ ਮੇਅਰ ਦੀ ਚੋਣ ‘‘ਅਦਾਲਤ ਦੀ ਨਿਗਰਾਨੀ ਹੇਠ’’ ਕਰਵਾਈ ਜਾ ਸਕੇ। ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਨਾਮਜ਼ਦ ਮੈਂਬਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣ ਨੂੰ ਲੈ ਕੇ ਦਿੱਲੀ ਦੇ ਨਗਰ ਨਿਗਮ ਹਾਊਸ ਵਿੱਚ ਹੋਏ ਹੰਗਾਮੇ ਤੋਂ ਬਾਅਦ ਅੱਜ ਇੱਕ ਵਾਰ ਫਿਰ ਮੇਅਰ ਦੀ ਚੋਣ ਨਹੀਂ ਹੋ ਸਕੀ। ਅਗਲੀ ਤਰੀਕ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਦਨ ਤੋਂ ਬਾਹਰ ਆਉਣ ਮਗਰੋਂ ‘ਆਪ’ ਨੇਤਾ ਆਤਿਸ਼ੀ ਨੇ ਕਿਹਾ, ‘‘ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ ਅਤੇ ਅੱਜ ਹੀ ਪਟੀਸ਼ਨ ਦਾਇਰ ਕਰਾਂਗੇ ਤਾਂ ਜੋ ਮੇਅਰ ਦੀ ਚੋਣ ਅਦਾਲਤ ਦੀ ਨਿਗਰਾਨੀ ਹੇਠ ਕਰਵਾਈ ਜਾ ਸਕੇ।’’ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਐਕਟ 1957 ਤਹਿਤ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮਿਉਂਸਿਪਲ ਬਾਡੀ ਦੀ ਪਹਿਲੀ ਮੀਟਿੰਗ ਵਿੱਚ ਹੀ ਹੋਣੀ ਚਾਹੀਦੀ ਹੈ। ਹਾਲਾਂਕਿ ਨਗਰ ਨਿਗਮ ਚੋਣਾਂ ਨੂੰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਸ਼ਹਿਰ ਨੂੰ ਹਾਲੇ ਤੱਕ ਤੱਕ ਨਵਾਂ ਮੇਅਰ ਨਹੀਂ ਮਿਲਿਆ ਹੈ। ਦੱਸਣਯੋਗ ਹੈ ਕਿ ਐੱਮਸੀਡੀ ਚੋਣਾਂ ਵਿੱਚ ‘ਆਪ’ 134 ਕੌਂਸਲਰਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਜਦਕਿ ਭਾਜਪਾ ਨੇ 104 ਸੀਟਾਂ ਜਿੱਤੀਆਂ ਸਨ ਤੇ ਕਾਂਗਰਸ ਨੂੰ 9 ਸੀਟਾਂ ’ਤੇ ਜਿੱਤ ਮਿਲੀ ਸੀ। -ਏਜੰਸੀ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ