ਐੱਮਸੀਡੀ ਚੋਣਾਂ: ‘ਆਪ’ ਉਮੀਦਵਾਰਾਂ ਨੇ ਬਣਾਏ ਰਿਕਾਰਡ : The Tribune India

ਐੱਮਸੀਡੀ ਚੋਣਾਂ: ‘ਆਪ’ ਉਮੀਦਵਾਰਾਂ ਨੇ ਬਣਾਏ ਰਿਕਾਰਡ

ਐੱਮਸੀਡੀ ਚੋਣਾਂ: ‘ਆਪ’ ਉਮੀਦਵਾਰਾਂ ਨੇ ਬਣਾਏ ਰਿਕਾਰਡ

ਐਮਸੀਡੀ ਚੋਣਾਂ ’ਚ ਮਿਲੀ ਜਿੱਤ ਮਗਰੋਂ ਦਿੱਲੀ ਦੇ ‘ਆਪ’ ਦੇ ਹੈੱਡਕੁਆਰਟਰ ’ਤੇ ਜੁੜੇ ਆਮ ਆਦਮੀ ਪਾਰਟੀ ਦੇ ਵਰਕਰ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਦਸੰਬਰ

ਨਿਗਮ ਚੋਣਾਂ ਦੌਰਾਨ ਕਈ ਵਾਰਡਾਂ ਵਿੱਚ ਜਿੱਤਾਂ ਤੇ ਹਾਰਾਂ ਦਾ ਫਰਕ ਵੀ ਦਿਲਚਸਪ ਰਿਹਾ। ਆਮ ਆਦਮੀ ਪਾਰਟੀ ਨੇ ਅੱਜ 250 ਵਾਰਡਾਂ ਵਾਲੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੀਆਂ ਚੋਣਾਂ ਵਿੱਚ ਜਿੱਤ ਦਰਜ ਕੀਤੀ ਅਤੇ ਉਸ ਦੇ ਉਮੀਦਵਾਰਾਂ ਨੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਫ਼ਰਕ ਨਾਲ ਜਿੱਤ ਹਾਸਲ ਕੀਤੀ। ਦੱਖਣੀ ਦਿੱਲੀ ਦੇ ਚਿਤਰੰਜਨ ਪਾਰਕ ਵਿੱਚ ‘ਆਪ’ ਤੇ ਭਾਜਪਾ ਦੇ ਉਮੀਦਵਾਰਾਂ ਵਿਚਕਾਰ ਸਿਰਫ਼ 44 ਵੋਟਾਂ ਦਾ ਫ਼ਰਕ ਨਾਲ ਅਤੇ ਚਾਂਦਨੀ ਮਹਿਲ ’ਚ ‘ਆਪ’ ਉਮੀਦਵਾਰ ਨੇ ਕਾਂਗਰਸ ਉਮੀਦਵਾਰ ਨੂੰ 17,134 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ।

ਦਿੱਲੀ ਦੇ 250 ਵਾਰਡਾਂ ਵਿੱਚੋਂ 12 ਵਿੱਚ ਉਮੀਦਵਾਰ ਨੂੰ 200 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜਿੱਤ ਤੇ ਹਾਰ ਮਿਲੀ। ਇਨ੍ਹਾਂ ਵਿੱਚੋਂ ਅੱਠ ਸੀਟਾਂ ਭਾਜਪਾ ਦੀ ਝੋਲੀ ਵਿੱਚ ਪਈਆਂ, ਜਦੋਂਕਿ ਚਾਰ ‘ਆਪ’ ਕੋਲ ਗਈਆਂ। ‘ਆਪ’ ਦੋ ਵਾਰਡਾਂ ਵਿੱਚੋਂ ਸਭ ਤੋਂ ਘੱਟ ਫ਼ਰਕ ਨਾਲ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ।

ਚਿਤਰੰਜਨ ਪਾਰਕ (ਵਾਰਡ 171) ਵਿੱਚ ‘ਆਪ’ ਦੇ ਆਸ਼ੂ ਠਾਕੁਰ ਨੇ 10,443 ਵੋਟਾਂ ਹਾਸਲ ਕੀਤੀਆਂ ਜਿਨ੍ਹਾਂ ਨੇ ਭਾਜਪਾ ਦੀ ਕੰਚਨ ਚੌਧਰੀ (10,399 ਵੋਟਾਂ) ਨੂੰ ਮਾਤ ਦਿੱਤੀ। ਅਗਲੀ ਜਿੱਤ ਦਾ ਸਭ ਤੋਂ ਘੱਟ ਫਰਕ ਨੰਦ ਨਗਰੀ (ਵਾਰਡ 220) ਵਿੱਚ 54 ਵੋਟਾਂ ਦਾ ਸੀ, ਉਥੇ ‘ਆਪ’ ਦੇ ਰਮੇਸ਼ ਕੁਮਾਰ ਬਿਸਈਆ ਨੇ 15,959 ਵੋਟਾਂ ਹਾਸਲ ਕੀਤੀਆਂ, ਉਨ੍ਹਾਂ ਨੇ ਭਾਜਪਾ ਦੇ ਕੇਐਮ ਰਿੰਕੂ ਨੂੰ ਹਰਾਇਆ, ਜਿਨ੍ਹਾਂ ਨੂੰ 15,905 ਵੋਟਾਂ ਮਿਲੀਆਂ। ਅਗਲੀ ਜਿੱਤ ਦਾ ਸਭ ਤੋਂ ਘੱਟ ਫ਼ਰਕ ਅਲੀਪੁਰ (ਵਾਰਡ 4) ਸੀ, ਜਿੱਥੇ ਭਾਜਪਾ ਦੇ ਯੋਗੇਸ਼ (14,929) ਨੇ ‘ਆਪ’ ਦੇ ਦੀਪ ਕੁਮਾਰ (14,838) ਨੂੰ 91 ਵੋਟਾਂ ਨਾਲ ਹਰਾਇਆ।

200 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜਿੱਤਣ ਵਾਲੇ ਹੋਰ ਵਾਰਡਾਂ ਵਿੱਚ ਸ਼ਕੂਰਪੁਰ (ਜਿੱਥੇ ਭਾਜਪਾ 104 ਵੋਟਾਂ ਨਾਲ ਜਿੱਤੀ), ਮੋਲਰਬੰਦ (ਜਿੱਥੇ ‘ਆਪ’ 127 ਵੋਟਾਂ ਨਾਲ ਜਿੱਤੀ), ਰਘੁਬੀਰ ਨਗਰ (ਭਾਜਪਾ 146 ਵੋਟਾਂ ਨਾਲ ਜਿੱਤੀ), ਅਸ਼ੋਕ ਵਿਹਾਰ ( ਭਾਜਪਾ 156 ਵੋਟਾਂ ਨਾਲ ਜਿੱਤੀ, ਦਿਓਲੀ (ਭਾਜਪਾ ਨੇ 164 ਵੋਟਾਂ ਨਾਲ ਜਿੱਤੀ), ਬੁਰਾੜੀ (ਭਾਜਪਾ ਨੇ 173 ਵੋਟਾਂ ਨਾਲ ਜਿੱਤੀ), ਕੇਸ਼ੋਪੁਰ (ਭਾਜਪਾ ਨੇ 176 ਵੋਟਾਂ ਨਾਲ ਜਿੱਤੀ), ਮੰਡਾਵਲੀ (ਭਾਜਪਾ 186 ਵੋਟਾਂ ਨਾਲ ਜਿੱਤੀ) ਤੇ ਆਦਰਸ਼ ਨਗਰ ਜਿੱਥੇ ‘ਆਪ’ 187 ਵੋਟਾਂ ਨਾਲ ਜੇਤੂ ਰਹੀ।

ਆਪ ਉਮੀਦਵਾਰ ਅੰਕੁਸ਼ ਨਾਰੰਗ ਚੋਣ ਨਤੀਜਿਆਂ ਮਗਰੋਂ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਪੀਟੀਆਈ

ਦਿੱਲੀ ਭਰ ਵਿੱਚ ਜਿੱਤ ਦਾ ਸਭ ਤੋਂ ਵੱਡਾ ਫ਼ਰਕ ਚਾਂਦਨੀ ਮਹਿਲ (ਵਾਰਡ 76) ਵਿੱਚ ਸੀ ਜਿਸ ਵਿੱਚ ‘ਆਪ’ ਦੇ ਉਮੀਦਵਾਰ ਮੁਹੰਮਦ ਇਕਬਾਲ ਨੇ ਕਾਂਗਰਸ ਦੇ ਮੁਹੰਮਦ ਹਾਮਿਦ ਨੂੰ 17,134 ਵੋਟਾਂ ਦੇ ਫ਼ਰਕ ਨਾਲ ਹਰਾਇਆ। ਦੂਜੀ ਅਗਲੀ ਜਿੱਤ ਦਾ ਸਭ ਤੋਂ ਵੱਡਾ ਫਰਕ ਕਾਂਗਰਸ ਦਾ ਸੀ, ਪਾਰਟੀ ਦੀ ਸ਼ਗੁਫਤਾ ਚੌਧਰੀ ਜ਼ੁਬੈਰ ਉੱਤਰ-ਪੂਰਬੀ ਦਿੱਲੀ ਦੇ ਚੌਹਾਨ ਬੰਗਰ (ਵਾਰਡ 227) ਤੋਂ 15,193 ਵੋਟਾਂ ਦੇ ਫਰਕ ਨਾਲ ਜਿੱਤੀ। ਉਨ੍ਹਾਂ ਨੂੰ 21,131 ਵੋਟਾਂ ਮਿਲੀਆਂ ਜਦਕਿ ‘ਆਪ’ ਦੀ ਆਸਮਾ ਬੇਗਮ ਨੂੰ 5,938 ਵੋਟਾਂ ਮਿਲੀਆਂ। ਤੀਜੀ ਸਭ ਤੋਂ ਵੱਡੀ ਜਿੱਤ ਪੁਰਾਣੀ ਦਿੱਲੀ ਦੇ ਬਾਜ਼ਾਰ ਸੀਤਾ ਰਾਮ (ਵਾਰਡ 78) ਵਿੱਚ 12,886 ਵੋਟਾਂ ਦੇ ਫਰਕ ਨਾਲ ਰਹੀ, ਜਦੋਂ ਕਿ ਆਪ ਦੀ ਰਾਫੀਆ ਮਾਹੀਰ (16,639) ਨੇ ਕਾਂਗਰਸ ਦੀ ਸੀਮਾ ਤਾਹਿਰਾ (3,753) ਨੂੰ ਹਰਾਇਆ।

‘ਆਪ’ ਦੇ ਦਫ਼ਤਰ ਰੌਣਕਾਂ ਤੇ ਕਾਂਗਰਸ ਦੇ ਦਫ਼ਤਰ ਵਿੱਚ ਸੰਨਾਟਾ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਨਗਰ ਨਿਗਮ ਚੋਣਾਂ ਜਿੱਤਦੇ ਹੀ ‘ਆਪ’ ਦੇ ਕੌਮੀ ਹੈੱਡਕੁਆਟਰ ਵਿਖੇ ਸਾਰਾ ਦਿਨ ਰੌਣਕ ਰਹੀ ਅਤੇ ਜਿੱਤ ਤੋਂ ਉਤਸ਼ਾਹਤ ਕਾਰਕੁਨਾਂ ਨੇ ਨੱਚ, ਗਾ ਕੇ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਕਈ ਕਾਰਕੁਨ ਪਟਾਕੇ ਵੀ ਚਲਾਉਂਦੇ ਹੋਏ ਨਜ਼ਰ ਆਏ। ਸਵੇਰੇ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਦੇ ਅੱਗੇ ਹੋਣ ਦਾ ਪਤਾ ਲੱਗਦੇ ਹੀ ਭਾਜਪਾ ਦੇ ਸੂਬਾ ਦਫ਼ਤਰ (ਨੇੜੇ ਰਕਾਬ ਗੰਜ ਸਾਹਿਬ) ਵਿੱਚ ਵੀ ਭਾਜਪਾ ਕਾਰਕੁਨ ਤੇ ਆਗੂ ਆਉਣ ਲੱਗੇ ਸਨ ਪਰ ਦੁਪਹਿਰ ਤੱਕ ਸਥਿਤੀ ਬਦਲ ਗਈ। ਕਾਂਗਰਸ ਦੇ ਦਫ਼ਤਰ ਵਿੱਚ ਤਾਲਾ ਜੜਿਆ ਦੇਖਿਆ ਗਿਆ, ਜਿੱਥੇ ਕੋਈ ਵੀ ਨਜ਼ਰ ਨਹੀਂ ਆਇਆ। ਜਿਉਂ ਹੀ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ‘ਆਈ ਲਵ ਯੂ’ ਕਿਹਾ ਤਾਂ ਕਾਰਕੁਨਾਂ ਨੇ ਭਰਵਾਂ ਹੁੰਗਾਰਾ ਦਿੱਤਾ। ਆਪ’ ਦੇ ਹੈੱਡਕੁਆਟਰ ਵਿੱੱਚ ਵੱਡੀ ਭੀੜ ਦੇਖੀ ਗਈ ਤੇ ਸਮਰਥਕ ਭਾਜਪਾ ਆਗੂ ਮਨੋਜ ਤਿਵਾੜੀ ਦੇ ਗਾਣੇ ‘ਚਿੰਕੀਆ ਦੇ ਪਾਪਾ’ ਉੱਤੇ ਵੀ ਨੱਚਦੇ ਦੇਖੇ ਗਏ। ਜਿੱਤ ਦੇ ਜਸ਼ਨਾਂ ਵਿੱਚ ਸ਼ਾਮਲ ਲੋਕਾਂ ਨੇ ਗਲਾਂ ਵਿੱਚ ‘ਆਪ’ ਦੇ ਚੋਣ ਨਿਸ਼ਾਨ ਵਾਲੇ ਪਟਕੇ ਪਾਏ ਹੋਏ ਸਨ। ਢੋਲ, ਨਗਾਰੇ ਵਜਾਉਂਦੇ ਕਾਰਕੁਨਾਂ ਦੇ ਚਿਹਰਿਆਂ ’ਤੇ ਵੀ ਚਮਕ ਸੀ। ਕਈ ਜੇਤੂ ਉਮੀਦਵਾਰ ਵੀ ਸਮਰਥਕਾਂ ਨਾਲ ਪਹੁੰਚੇ ਹੋਏ ਸਨ ਜਿਨ੍ਹਾਂ ਵਿੱਚ ਔਰਤ ਉਮੀਦਵਾਰਾਂ ਵੀ ਸ਼ਾਮਲ ਸਨ। ਬੱਚੇ ਤੇ ਬਜ਼ੁਰਗਾਂ ਨੇ ਵੀ ਇਸ ਜਿੱਤ ਦੇ ਜਸ਼ਨ ਵਿੱਚ ਸ਼ਮੂਲੀਅਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਦੇ ਭਾਸ਼ਣ ਦਿੱਤੇ ਜਾਣ ਮਗਰੋਂ ਵੀ ਕਾਰਕੁਨ ਨੱਚਦੇ ਦੇਖੇ ਗਏ। ਦਿੱਲੀ ਵਿੱਚ ਹੋਰ ਸੂਬਿਆਂ ਤੋਂ ਵੀ ਕਾਰਕੁਨ ਅੱਜ ਜਿੱਤ ਦੇ ਜਸ਼ਨ ਵਿੱਚ ਸ਼ਾਮਲ ਹੋਏ।

780 ਤੋਂ ਵੱਧ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਨਵੀਂ ਦਿੱਲੀ: ਦਿੱਲੀ ਨਗਰ ਨਿਗਮ (ਐੱਮਸੀਡੀ) ਚੋਣਾਂ ਦੇ ਅੱਜ ਐਲਾਨੇ ਨਤੀਜੇ ਵਿੱਚ 780 ਤੋਂ ਵੱਧ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਚਾਰ ਦਸੰਬਰ ਨੂੰ ਹੋਈਆਂ ਕੁੱਲ 1349 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਇਨ੍ਹਾਂ ਚੋਣਾਂ ਦੌਰਾਨ 784 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਇਨ੍ਹਾਂ ਵਿੱਚੋਂ 370 ਆਜ਼ਾਦ, ਕਾਂਗਰਸ ਦੇ 188, ਬਸਪਾ ਦੇ 128, ਏਆਈਐੱਮਆਈਐੱਮ ਦੇ 13, ਆਪ ਦੇ ਤਿੰਨ ਅਤੇ ਭਾਜਪਾ ਦੇ ਦਸ ਉਮੀਦਵਾਰ ਸ਼ਾਮਲ ਹਨ।

ਦਿੱਲੀ ਕਮੇਟੀ ਦੇ ਸਮਰਥਨ ਵਾਲੇ ਉਮੀਦਵਾਰ ਹਾਰੇ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਨ ਵਾਲੇ ਉਮੀਦਵਾਰਾਂ ਦੀ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਹਾਰ ਹੋਈ ਹੈ। ਜਨਕਪੁਰੀ (ਪੱਛਮੀ) ਤੋਂ ਭਾਜਪਾ ਦੀ ਟਿਕਟ ਉਪਰ ਚੋਣ ਲੜ ਰਹੀ ਦਿੱਲੀ ਕਮੇਟੀ ਮੈਂਬਰ ਰਮਨਦੀਪ ਸਿੰਘ ਥਾਪਰ ਦੀ ਪਤਨੀ ਅਕ੍ਰਿਤੀ ਕੌਰ ਥਾਪਰ ‘ਆਪ’ ਦੀ ਡਿੰਪਲ ਆਹੂਜਾ ਤੋਂ ਹਾਰ ਗਈ, ਫ਼ਤਹਿ ਨਗਰ (ਵਾਰਡ 100) ਤੋਂ ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ ਦੀ ਪਤਨੀ ਇੰਦਰਜੀਤ ਕੌਰ ਲਵਲੀ ਨੂੰ ‘ਆਪ’ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਦੀ ਪਤਨੀ ਰਮਿੰਦਰ ਕੌਰ ਨੇ ਹਰਾਇਆ। ਇਸੇ ਤਰ੍ਹਾਂ ਖਿਆਲਾ ਵਾਰਡ ਤੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਪੀੜਤ ਪਰਮਜੀਤ ਕੌਰ ਨੂੰ ਵੀ ‘ਆਪ’ ਦੀ ਸ਼ਿਲਪਾ ਕੌਰ ਤੋਂ ਹਾਰ ਮਿਲੀ। ਇਸ ਵਾਰਡ ਲਈ ਭਾਜਪਾ ਆਗੂ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਦੇ ਸਿੱਖਾਂ ਨੂੰ ਬੇਨਤੀ ਕੀਤੀ ਗਈ। ਕਾਂਗਰਸ ਛੱਡ ਕੇ ਭਾਜਪਾ ਵਿੱਚ ਦਲਬਦਲੀ ਕਰਨ ਵਾਲੇ ਤਰਵਿੰਦਰ ਸਿੰਘ ਮਾਰਵਾਹ ਦੇ ਪੁੱਤਰ ਅਰਜੁਨ ਸਿੰਘ ਜੇਤੂ ਰਹੇ ਹਨ।

ਸੁਲਤਾਨਪੁਰੀ ਤੋਂ ਬੌਬੀ ਕਿੰਨਰ ਦੀ ਜਿੱਤ

ਆਪ ਆਗੂ ਅਤੇ ਕਿੰਨਰ ਬੌਬੀ (ਸੱਜੇ) ਜਿੱਤ ਦੀ ਖੁਸ਼ੀ ’ਚ ਜੇਤੂ ਰੈਲੀ ਕੱਢਦੇ ਹੋਏ। -ਫੋਟੋ: ਪੀਟੀਆਈ

‘ਆਪ’ ਨੇ ਦਿੱਲੀ ਐਮਸੀਡੀ ਚੋਣਾਂ ਵਿੱਚ ਬਹੁਮਤ ਸੀਟਾਂ ’ਤੇ ਹੂੰਝਾ ਫੇਰ ਦਿੱਤਾ ਹੈ। ਬੌਬੀ ਕਿੰਨਰ ਜਾਂ ਬੌਬੀ ਡਾਰਲਿੰਗ ਨੇ ਦਿੱਲੀ ਨਗਰ ਨਿਗਮ ਦੇ ਪਹਿਲੇ ਟਰਾਂਸਜੈਂਡਰ ਮੈਂਬਰ ਬਣ ਕੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕੀਤਾ ਹੈ। ‘ਆਪ’ ਦੇ ਸੁਲਤਾਨਪੁਰੀ-ਏ ਵਾਰਡ ਤੋਂ ਇਕਲੌਤੇ ਟਰਾਂਸਜੈਂਡਰ ਉਮੀਦਵਾਰ ਬੌਬੀ (38 ਸਾਲ) ਨੇ ਦਿੱਲੀ ਐਮਸੀਡੀ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਵਰੁਣਾ ਢਾਕਾ ਨੂੰ 6,714 ਵੋਟਾਂ ਦੇ ਫਰਕ ਨਾਲ ਹਰਾਇਆ। ਪਾਰਟੀ ਲਈ ਚੁਣੇ ਜਾਣ ਤੋਂ ਬਾਅਦ ਬੌਬੀ ਆਪਣੇ ਹਲਕੇ ਦੇ ਸੁੰਦਰੀਕਰਨ ਅਤੇ ਆਪਣੇ ਗੁਆਂਢੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਲਈ ਵਚਨਬੱਧ ਹਨ। ਉਸ ਨੇ ਕਿਹਾ ਕਿ ਉਹ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੰਮ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All