Mayawati Family Politics: ਮਾਇਆਵਤੀ ਵੱਲੋਂ ਬਸਪਾ ਨੂੰ ਪਰਿਵਾਰਵਾਦ ਤੋਂ ਮੁਕਤ ਕਰਨ ਦਾ ਐਲਾਨ
ਐਕਸ ’ਤੇ ਪੋੋਸਟ ਪਾ ਕੇ ਕੀਤਾ ਸਪਸ਼ਟ; ਆਨੰਦ ਕੁਮਾਰ ਦੇ ਬੇਟਿਆਂ ਆਕਾਸ਼ ਆਨੰਦ ਤੇ ਉਸ ਦੇ ਛੋਟੇ ਭਰਾ ਇਸ਼ਾਨ ਆਨੰਦ ਨੂੰ ਪਾਰਟੀ ਵਿੱਚ ਨਹੀਂ ਮਿਲੇਗਾ ਕੋਈ ਅਹੁਦਾ
Mayawati Family Politics: ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ.) ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਪਾਰਟੀ ਦੇ ਅੰਦਰ ਪਰਿਵਾਰਵਾਦ ਨੂੰ ਖਤਮ ਕਰਨ ਲਈ ਇੱਕ ਸਖ਼ਤ ਅਤੇ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਸਭ ਤੋਂ ਛੋਟੇ ਭਾਈ ਆਨੰਦ ਕੁਮਾਰ ਦੇ ਦੋਵਾਂ ਬੇਟਿਆਂ ਨੂੰ ਪਾਰਟੀ ਵਿੱਚ ਕੋਈ ਵੀ ਛੋਟਾ ਜਾਂ ਵੱਡਾ ਅਹੁਦਾ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਰਾਜਨੀਤੀ ਵਿੱਚ ਮੌਕਾ ਮਿਲੇਗਾ। ਇਸ ਦੇ ਨਾਲ ਹੀ ਆਨੰਦ ਕੁਮਾਰ ਦੇ ਬੇਟਿਆਂ ਦੇ ਬੱਚਿਆਂ (ਪੋਤੇ-ਪੋਤੀਆਂ) ਨੂੰ ਵੀ ਭਵਿੱਖ ਵਿੱਚ ਕਦੇ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਸੌਂਪੀ ਜਾਵੇਗੀ। ਪਾਰਟੀ ਸੰਗਠਨ ਅਤੇ ਸਰਕਾਰ ਵਿੱਚ ਸਿਧਾਂਤ ਲਾਗੂ ਹੋਵੇਗਾ ਕਿ ਇੱਕ ਵਿਅਕਤੀ ਨੂੰ ਮੌਕਾ ਮਿਲੇਗਾ ਪਰ ਉਸ ਦੀ ਆੜ ਵਿੱਚ ਉਸ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਕੋਈ ਲਾਭ ਨਹੀਂ ਮਿਲੇਗਾ।
https://x.com/Mayawati/status/2098703932608721183?ref_src=twsrc%5Etfw%7Ctwcamp%5Etweetembed%7Ctwterm%5E2098703932608721183%7Ctwgr%5E%7Ctwcon%5Es1_c10&ref_url=
ਉੱਤਰਾਧਿਕਾਰੀ ਦੀ ਥਾਂ ਮਿਸ਼ਨਰੀ ਵਰਕਰਾਂ ਨੂੰ ਤਰਜੀਹ
ਮਾਇਆਵਤੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਭਵਿੱਖ ਵਿੱਚ ਆਨੰਦ ਕੁਮਾਰ ਨੂੰ ਆਪਣੀ ਨਿੱਜੀ ਦੇਖਭਾਲ ਜਾਂ ਸਹਾਇਤਾ ਲਈ ਕਿਸੇ ਮੈਂਬਰ ਦੀ ਲੋੜ ਪੈਂਦੀ ਹੈ ਤਾਂ ਉਹ ਸਿਰਫ਼ ਆਪਣੀ ਇਕਲੌਤੀ ਬੇਟੀ ਕੁਮਾਰੀ ਦੀਪਿਕਾ ਆਨੰਦ (ਜੋ ਕਿ ਵਕਾਲਤ ਦੀ ਪੜ੍ਹਾਈ ਕਰ ਰਹੀ ਹੈ) ਦੀ ਮਦਦ ਲੈ ਸਕਦੇ ਹਨ। ਦੀਪਿਕਾ ਆਨੰਦ ਦੀ ਇਮਾਨਦਾਰੀ, ਬਹਾਦਰੀ ਅਤੇ ਕਾਰਜਕੁਸ਼ਲਤਾ ਨੂੰ ਦੇਖਦੇ ਹੋਏ ਹੀ ਉਨ੍ਹਾਂ ਨੂੰ ਲੋੜ ਅਨੁਸਾਰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਜੇਕਰ ਉਹ ਉਪਲਬਧ ਨਹੀਂ ਹੁੰਦੀ ਤਾਂ ਪਾਰਟੀ ਦੀ ਆਮ ਸਹਿਮਤੀ ਨਾਲ ਦਲਿਤ ਵਰਗ ਵਿੱਚੋਂ ਕਿਸੇ ਮਿਹਨਤੀ ਮਿਸ਼ਨਰੀ ਵਰਕਰ ਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਯਾਦ ਕਰਵਾਇਆ ਕਿ ਜਿਸ ਤਰ੍ਹਾਂ ਕਾਂਸ਼ੀ ਰਾਮ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਿਆਸੀ ਲਾਭਾਂ ਤੋਂ ਦੂਰ ਰੱਖਿਆ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਵੀ ਆਪਣੇ ਪਰਿਵਾਰ ਨੂੰ ਹਮੇਸ਼ਾ ਸਿਆਸੀ ਅਹੁਦਿਆਂ ਤੋਂ ਦੂਰ ਰੱਖਿਆ ਹੈ।
ਨੌਜਵਾਨਾਂ ਨੂੰ ਦਿੱਤੀ ਜਾਵੇਗੀ ਤਰਜੀਹ; ਆਗਾਮੀ ਚੋਣਾਂ ਦੀ ਰਣਨੀਤੀ
ਪਾਰਟੀ ਵੱਲੋਂ ਦੇਸ਼ ਭਰ ਵਿੱਚ ਅਤੇ ਖਾਸ ਕਰਕੇ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨੌਜਵਾਨਾਂ (ਖਾਸ ਕਰਕੇ ਜ਼ੈੱਨ-ਜੀ) ਨੂੰ ਤਰਜੀਹ ਦੇਣ ਦੀ ਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ। ਪਾਰਟੀ ਸੰਗਠਨ ਵਿੱਚ ਨੌਜਵਾਨਾਂ ਦੀ ਲਗਪਗ 50 ਫੀਸਦੀ ਭਾਗੀਦਾਰੀ ਯਕੀਨੀ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਆਗਾਮੀ ਚੋਣਾਂ ਵਿੱਚ ਸਰਵ ਸਮਾਜ ਦੇ ਮਿਹਨਤੀ, ਯੁਵਾ ਅਤੇ ਪ੍ਰਤਿਭਾਸ਼ਾਲੀ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾਵੇਗਾ, ਤਾਂ ਜੋ ਨਵੀਂ ਪੀੜ੍ਹੀ ਦੇ ਜ਼ਰੀਏ ਡਾ. ਅੰਬੇਡਕਰ ਦੀ ਰਾਜਨੀਤੀ ਅਤੇ ਸੰਵਿਧਾਨਕ ਮੁੱਲਾਂ ਦਾ ਵਿਕਾਸ ਹੋ ਸਕੇ।
ਮਾਇਆਵਤੀ ਨੇ ਅਨੁਸ਼ਾਸਨਹੀਣਤਾ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ
ਪਾਰਟੀ ਨੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਰੋਧੀ ਪਾਰਟੀਆਂ, ਜਾਤੀਵਾਦੀ ਮੀਡੀਆ ਅਤੇ ਸੋਸ਼ਲ ਮੀਡੀਆ ਦੀਆਂ ਸਾਜ਼ਿਸ਼ਾਂ ਅਤੇ ਫੇਕ ਨਿਊਜ਼ ਤੋਂ ਚੌਕਸ ਰਹਿਣ। ਸੋਸ਼ਲ ਮੀਡੀਆ 'ਤੇ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਹੇਠ ਪਹਿਲਾਂ ਹੀ ਪਾਰਟੀ ਵਿੱਚੋਂ ਕੱਢੇ ਗਏ ਲੋਕਾਂ ਦੀ ਵਾਪਸੀ ਦੀਆਂ ਚੱਲ ਰਹੀਆਂ ਖ਼ਬਰਾਂ ਨੂੰ ਸਰਾਸਰ ਝੂਠਾ ਅਤੇ ਗਲਤ ਕਰਾਰ ਦਿੱਤਾ ਗਿਆ ਹੈ। ਬੀ.ਐੱਸ.ਪੀ. ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ਅਨੁਸ਼ਾਸਨਹੀਣ ਲੋਕਾਂ ਨੂੰ ਪਾਰਟੀ ਵਿੱਚ ਕਦੇ ਵੀ ਵਾਪਸ ਨਹੀਂ ਲਿਆ ਜਾਵੇਗਾ।

