ਦਿੱਲੀ ਪੁਲੀਸ ਦੇ ਸ਼ਹੀਦ ਇੰਸਪੈਕਟਰ ਨੂੰ ਸੱਤਵੀਂ ਵਾਰ ਬਹਾਦਰੀ ਮੈਡਲ

ਦਿੱਲੀ ਪੁਲੀਸ ਦੇ ਸ਼ਹੀਦ ਇੰਸਪੈਕਟਰ ਨੂੰ ਸੱਤਵੀਂ ਵਾਰ ਬਹਾਦਰੀ ਮੈਡਲ

ਮੋਹਨ ਚੰਦ ਸ਼ਰਮਾ, ਨਰੇਸ਼ ਕੁਮਾਰ

ਨਵੀਂ ਦਿੱਲੀ, 14 ਅਗਸਤ

ਕੌਮੀ ਰਾਜਧਾਨੀ ਦਿੱਲੀ ’ਚ 2008 ’ਚ ਬਾਟਲਾ ਹਾਊਸ ਮੁਕਾਬਲੇ ’ਚ ਸ਼ਹੀਦ ਹੋਏ ਦਿੱਲੀ ਪੁਲੀਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਨੂੰ ਮਰਨ ਉਪਰੰਤ ਸੱਤਵੀਂ ਵਾਰ ਬਹਾਦਰੀ ਮੈਡਲ ਦਿੱਤਾ ਗਿਆ ਹੈ। ਆਜ਼ਾਦੀ ਦਿਹਾੜੇ ਤੋਂ ਪੂਰਬਲੀ ਸ਼ਾਮ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਬਹਾਦਰੀ ਪੁਰਸਕਾਰਾਂ ’ਚ ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਨਰੇਸ਼ ਕੁਮਾਰ ਦਾ ਵੀ ਨਾਮ ਸ਼ਾਮਲ ਹੈ ਜਿਨ੍ਹਾਂ ਨੂੰ ਕਸ਼ਮੀਰ ਵਾਦੀ ’ਚ ਅਤਿਵਾਦ ਵਿਰੋਧੀ ਕਾਰਵਾਈਆਂ ਲਈ ਸੱਤਵੀਂ ਵਾਰ ਬਹਾਦਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਬਹਾਦਰੀ ਲਈ ਪੁਲੀਸ ਮੈਡਲਾਂ ਦੀ ਸੂਚੀ ’ਚ ਜੰਮੂ ਕਸ਼ਮੀਰ ਪੁਲੀਸ ਨੂੰ ਪਹਿਲਾ ਸਥਾਨ ਮਿਲਿਆ ਹੈ ਜਿਨ੍ਹਾਂ ਦੇ ਖਾਤੇ ’ਚ 81 ਮੈਡਲ ਹਨ ਅਤੇ ਦੂਜੇ ਨੰਬਰ ’ਤੇ 55 ਮੈਡਲਾਂ ਨਾਲ ਸੀਆਰਪੀਐੱਫ ਰਹੀ ਹੈ। ਇਸ ਵਾਰ ਕਿਸੇ ਨੂੰ ਵੀ ਰਾਸ਼ਟਰਪਤੀ ਪੁਲੀਸ ਮੈਡਲ ਨਹੀਂ ਮਿਲਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਵਾਰ ਰਾਜ ਅਤੇ ਕੇਂਦਰੀ ਪੁਲੀਸ ਬਲਾਂ ਨੂੰ ਬਹਾਦਰੀ, ਵਿਸ਼ਿਸ਼ਟ ਸੇਵਾ ਅਤੇ ਮੈਰੀਟੋਰੀਅਸ ਸੇਵਾ ਮੈਡਲਾਂ ਲਈ ਕੁੱਲ 926 ਮੈਡਲ ਦਿੱਤੇ ਗਏ ਹਨ। ਬੀਐੱਸਐੱਫ ਦੇ ਕਮਾਂਡੈਂਟ ਵਿਨੈ ਪ੍ਰਸਾਦ ਨੂੰ ਮਰਨ ਉਪਰੰਤ ਬਹਾਦਰੀ ਮੈਡਲ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਬਿਨਾਂ ਭੜਕਾਹਟ ’ਤੇ ਕੀਤੀ ਗਈ ਗੋਲੀਬਾਰੀ ’ਚ ਸ੍ਰੀ ਪ੍ਰਸਾਦ ਸ਼ਹੀਦ ਹੋ ਗੲੇ ਸਨ। ਹਾਦਸੇ ਸਮੇਂ ਉਹ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ’ਚ ਗਸ਼ਤ ’ਤੇ ਸਨ। -ਪੀਟੀਆਈ

ਰਾਸ਼ਟਰਪਤੀ ਵੱਲੋਂ ਚਾਰ ਸੈਨਿਕਾਂ ਨੂੰ ਸ਼ੌਰਿਆ ਚੱਕਰ

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਥਲ ਸੈਨਾ ਦੇ ਤਿੰਨ ਜਵਾਨਾਂ ਸਮੇਤ ਚਾਰ ਸੈਨਿਕਾਂ ਨੂੰ ਬਹਾਦਰੀ ਪੁਰਸਕਾਰ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਵਿਸ਼ਾਕ ਨਾਇਰ, ਥਲ ਸੈਨਾ ਦੇ ਲੈਫ਼ਟੀਨੈਂਟ ਕਰਨਲ ਕ੍ਰਿਸ਼ਨ ਸਿੰਘ ਰਾਵਤ, ਮੇਜਰ ਅਨਿਲ ਉਰਸ ਅਤੇ ਹੌਲਦਾਰ ਅਾਲੋਕ ਕੁਮਾਰ ਦੂਬੇ ਨੂੰ ਸ਼ੌਰਿਆ ਚੱਕਰ ਨਾਲ ਨਿਵਾਜਿਆ ਗਿਆ ਹੈ। ਲੈਫ਼ਟੀਨੈਂਟ ਕਰਨਲ ਰਾਵਤ ਦੀ ਅਗਵਾਈ ਹੇਠ ਫ਼ੌਜੀਆਂ ਨੇ ਕੰਟਰੋਲ ਰੇਖਾ ’ਤੇ ਦਹਿਸ਼ਤਗਰਦਾਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਬਣਾਈ ਸੀ। ਉਨ੍ਹਾਂ ਦੋ ਦਹਿਸ਼ਤਗਰਦਾਂ ਨੂੰ ਮਾਰਿਆ ਸੀ। ਮੇਜਰ ਉਰਸ ਨੇ ਵੀ ਕੰਟਰੋਲ ਰੇਖਾ ’ਤੇ ਤਿੰਨ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਦੀ ਟੀਮ ਨੇ 15 ਮਿੰਟ ਦੀ ਉਡੀਕ ਮਗਰੋਂ ਦੋ ਹੋਰ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਸੀ। ਸੰਘਣੇ ਜੰਗਲ ’ਚ ਬੈਠੇ ਦਹਿਸ਼ਤਗਰਦਾਂ ਨੇ ਖ਼ਰਾਬ ਮੌਸਮ ਦਾ ਲਾਹਾ ਲੈ ਕੇ ਭੱਜਣ ਦਾ ਯਤਨ ਕੀਤਾ ਪਰ ਹੌਲਦਾਰ ਦੂਬੇ ਅੱਗੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਰਹੀ। ਉਨ੍ਹਾਂ ਐਨ ਨੇੜਿਉਂ ਇਕ ਦਹਿਸ਼ਤਗਰਦ ਨੂੰ ਮਾਰ ਦਿੱਤਾ ਜੋ ਏ ਪਲੱਸ ਪਲੱਸ ਕੈਟੇਗਰੀ ਦਾ ਖ਼ਤਰਨਾਕ ਦਹਿਸ਼ਤਗਰਦ ਸੀ। ਰਾਸ਼ਟਰਪਤੀ ਨੇ ਥਲ ਸੈਨਾ ਦੇ 60 ਜਵਾਨਾਂ ਨੂੰ ਸੈਨਾ ਮੈਡਲ, ਨੇਵੀ ਦੇ ਚਾਰ ਜਵਾਨਾਂ ਨੂੰ ਜਲ ਸੈਨਾ ਮੈਡਲ ਅਤੇ ਹਵਾਈ ਸੈਨਾ ਦੇ ਪੰਜ ਜਵਾਨਾਂ ਨੂੰ ਵਾਯੂ ਸੈਨਾ ਮੈਡਲ ਨਾਲ ਸਨਮਾਨਿਤ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਹੈ। ਰਾਸ਼ਟਰਪਤੀ ਨੇ ਅਪਰੇਸ਼ਨ ਮੇਘਦੂਤ ਅਤੇ ਅਪਰੇਸ਼ਨ ਰਕਸ਼ਕ ਲਈ 19 ਜਵਾਨਾਂ ਦੀ ਬਹਾਦਰੀ ਲਈ ਉਚੇਚੇ ਤੌਰ ’ਤੇ ਪੱਤਰ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ’ਚ ਅੱਠ ਨੂੰ ਮਰਨ ਉਪਰੰਤ ਇਹ ਸਨਮਾਨ ਮਿਲੇਗਾ। -ਪੀਟੀਆਈ

ਚੀਨੀ ਫ਼ੌਜ ਨਾਲ ਟਾਕਰਾ ਲੈਣ ਵਾਲੇ 294 ਜਵਾਨਾਂ ਨੂੰ ਪ੍ਰਸ਼ੰਸਾ ਪੱਤਰ 

ਲੱਦਾਖ ’ਚ ਚੀਨੀ ਫ਼ੌਜ ਨਾਲ ਝੜਪਾਂ ਦੌਰਾਨ ਬਹਾਦਰੀ ਦਿਖਾਉਣ ਵਾਲੇ ਅਾਈਟੀਬੀਪੀ ਦੇ 294 ਜਵਾਨਾਂ ਨੂੰ ਡਾਇਰੈਕਟਰ ਜਨਰਲ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਆ ਗਿਆ ਹੈ। ਆਈਟੀਬੀਪੀ ਨੇ ਇਲਾਕੇ ’ਚ ਤਾਇਨਾਤ 21 ਜਵਾਨਾਂ ਨੂੰ ਬਹਾਦਰੀ ਮੈਡਲ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਆਈਟੀਬੀਪੀ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਜਵਾਨਾਂ ਨੇ ਦੀਵਾਰ ਬਣਾ ਕੇ ਨਾ ਸਿਰਫ਼ ਆਪਣੀ ਰਾਖੀ ਕੀਤੀ ਸਗੋਂ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਅਤੇ ਹਾਲਾਤ ਨੂੰ ਕਾਬੂ ਹੇਠ ਲਿਆਂਦਾ। ਉਨ੍ਹਾਂ ਕਿਹਾ ਕਿ ਆਈਟੀਬੀਪੀ ਦੇ ਜਵਾਨ ਪੂਰੀ ਰਾਤ ਇਲਾਕੇ ’ਚ ਲੜਦੇ ਰਹੇ ਅਤੇ ਉਨ੍ਹਾਂ ਨੂੰ ਘੱਟ ਜਾਨੀ ਨੁਕਸਾਨ ਹੋਇਆ ਜਦਕਿ ਪੀਐੱਲਏ ਦੇ ਪੱਥਰਬਾਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਆਈਟੀਬੀਪੀ ਦੇ 318 ਜਵਾਨਾਂ ਦੇ ਨਾਮ ਕੇਂਦਰੀ ਗ੍ਰਹਿ ਮੰਤਰੀ ਦੇ ਵਿਸ਼ੇਸ਼ ਮੈਡਲ ਲਈ ਵੀ ਭੇਜੇ ਗਏ ਹਨ। ਆਈਟੀਬੀਪੀ ਨੇ ਕਰੋਨਾਵਾਇਰਸ ਖਿਲਾਫ਼ ਜੰਗ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਵੱਲੋਂ 10 ਹਜ਼ਾਰ ਬਿਸਤਰਿਆਂ ਵਾਲਾ ਹਸਪਤਾਲ ਚਲਾਇਆ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All