ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜਨਵਰੀ
ਦਿੱਲੀ ਪੁਲੀਸ ਦੇ ਆਰਥਿਕ ਅਪਰਾਧ ਵਿੰਗ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਮਨਜੀਤ ਸਿੰਘ ਜੀਕੇ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਹੋਏ ਕਥਿਤ ਘੁਟਾਲੇ ਨੂੰ ਲੈ ਕੇ ਦਰਜ ਕੀਤੇ ਗਏ ਮਾਮਲੇ ਸਬੰਧੀ ਸਿੱਖ ਸਿਆਸਤ ਗਰਮਾ ਗਈ ਹੈ।
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਆਗੂ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਕਿਹਾ ਕਿ ਸ੍ਰੀ ਸਿਰਸਾ ਖ਼ਿਲਾਫ਼ ਦੋ ਮਾਮਲੇ ਦਰਜ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਨਹੀਂ ਕੀਤਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਮਨਜੀਤ ਸਿੰਘ ਜੀਕੇ ਖ਼ਿਲਾਫ਼ ਇਕ ਐੱਫਆਈਆਰ ਦਰਜ ਕੀਤੀ ਗਈ ਤਾਂ ਸ੍ਰੀ ਜੀਕੇ ਨੂੰ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੀ ਅਗਵਾਈ ਛੱਡਣੀ ਪਈ ਸੀ। ਉਨ੍ਹਾਂ ਸ੍ਰੀ ਸਿਰਸਾ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ।
ਉਧਰ ‘ਸਿਆਸੀ ਸ਼ਰੀਕਾਂ’ ਸਰਨਾ ਭਰਾਵਾਂ ਤੇ ਜਾਗੋ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਵੱਖਰੇ-ਵੱਖਰੇ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਮੋਰਚਾ ਖੋਲ੍ਹਿਆ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਇਸ ਮੁਕੱਦਮੇ ਨਾਲ ਜੁੜੇ ਕਈ ਪੱੱਖ ਪ੍ਰੈੱਸ ਕਾਨਫਰੰਸ ਦੌਰਾਨ ਰੱਖੇ ਤੇ ਸਿਲਸਿਲੇਵਾਰ ਉਨ੍ਹਾਂ ਦਾ ਖੁਲਾਸਾ ਕੀਤਾ।
ਜੀਕੇ ਨੇ ਸਿਰਸਾ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ 24 ਜਨਵਰੀ ਨੂੰ ਪੰਜਾਬੀ ਬਾਗ਼ ਵਿੱਚ ਮਨਜਿੰਦਰ ਸਿੰਘ ਸਿਰਸਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਜੀਕੇ ਨੇ ਕਿਹਾ ਕਿ 2 ਸਾਲ ਬੀਤਣ ਮਗਰੋਂ ਵੀ ਉਨ੍ਹਾਂ ਖ਼ਿਲਾਫ਼ ਦਰਜ ਮਾਮਲੇ ਵਿੱਚ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ। ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਤਿੱਖੇ ਬਿਆਨ ਦਿੱਤੇ।
ਭਾਜਪਾ ਦੇ ਇਸ਼ਾਰਿਆਂ ’ਤੇ ਸਿਰਸਾ ਖ਼ਿਲਾਫ਼ ਐੱਫਆਈਆਰ ਦਰਜ: ਦਿੱਲੀ ਕਮੇਟੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਵੱਲੋਂ ਭਾਜਪਾ ਦੇ ਇਸ਼ਾਰੇ ’ਤੇ ਕਿਸਾਨ ਸੰਘਰਸ਼ ਤਾਰਪੀਡੋ ਕਰਨ ਲਈ ਮੌਜੂਦਾ ਪ੍ਰਧਾਨ ਮਨਜਿੰਦਰ ਸਿਰਸਾ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਅਤਿ ਦਰਜੇ ਦੀ ਘਟੀਆ ਕਾਰਵਾਈ ਕਰਾਰ ਦਿੱਤਾ ਹੈ। ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਸ ਵੇਲੇ ਕਿਸਾਨ ਸੰਘਰਸ਼ ਸਿਖ਼ਰਾਂ ’ਤੇ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕਦੇ ਐੱਨਆਈਏ ਤੇ ਕਦੇ ਇਨਕਮ ਟੈਕਸ ਵਿਭਾਗਾਂ ਦੀ ਦੁਰਵਰਤੋਂ ਕਰ ਰਹੀ ਹੈ, ਉਧਰ ਸਰਨਾ ਤੇ ਜੀਕੇ ਨੇ ਵੀ ਆਪਣੀਆਂ ‘ਸੇਵਾਵਾ’ ਕੇਂਦਰ ਨੂੰ ਦੇ ਦਿੱਤੀਆਂ ਹਨ ਤੇ ਸੰਘਰਸ਼ ਤਾਰਪੀਡੋ ਕਰਵਾਉਣ ਦੀ ਹਾਮੀ ਭਰੀ ਹੈ। ਬੁਲਾਰੇ ਨੇ ਕਿਹਾ ਕਿ ਅੱਜ ਦੀ ਪ੍ਰੈੱਸ ਕਾਨਫਰੰਸ ਵਿਚ ਖੁਦ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ ਨੇ ਮੰਨ ਗਿਆ ਹੈ ਕਿ ਉਸ ਵੇਲੇ ਮਨਜੀਤ ਸਿੰਘ ਪ੍ਰਧਾਨ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇਸ਼ਾਰੇ ’ਤੇ ਕੌਣ ਕੰਮ ਕਰ ਰਿਹਾ ਹੈ, ਦਿੱਲੀ ਦੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦੌਰ ਵਿਚ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸਨ, ਉਸ ਦੌਰ ਦਾ ਕਸੂਰਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਠਹਿਰਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ ਕਿਉਂਕਿ ਸਰਨਾ ਭਰਾਵਾਂ ਤੇ ਜੀਕੇ ਵਿਚ ਸਿਆਸੀ ਸਮਝੌਤਾ ਹੋ ਚੁੱਕਾ ਹੈ, ਜੋ ਦਿੱਲੀ ਦੇ ਲੋਕਾਂ ਦੇ ਸਾਹਮਣੇ ਹੈ।