Lucknow ਤੋਂ Delhi ਆ ਕੇ ਪਤਨੀ ਦਾ ਕਤਲ ਕਰਨ ਵਾਲਾ ਕੁਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ
ਲਖਨਊ ਤੋਂ ਚਾਕੂ ਖਰੀਦ ਕੇ ਦਿੱਲੀ ਆਇਆ ਸੀ ਮੁਲਜ਼ਮ
ਸ਼ਾਹਦਰਾ ਜ਼ਿਲ੍ਹਾ ਪੁਲੀਸ ਨੇ 30 ਸਾਲਾ ਔਰਤ ਦੇ ਕਤਲ ਦਾ ਮਾਮਲਾ ਕੁਝ ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕਰਦਿਆਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ’ਤੇ ਦੋਸ਼ ਹੈ ਕਿ ਉਹ ਲਖਨਊ ਤੋਂ ਦਿੱਲੀ ਆਇਆ ਅਤੇ ਪੂਰਬੀ ਦਿੱਲੀ ਦੇ ਕੜਕੜਡੂਮਾ ਪਿੰਡ ਵਿੱਚ ਸੁੱਤੀ ਪਈ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਪੁਲੀਸ ਅਨੁਸਾਰ ਐਤਵਾਰ ਸਵੇਰੇ ਆਨੰਦ ਵਿਹਾਰ ਪੁਲੀਸ ਥਾਣੇ ਨੂੰ ਸੂਚਨਾ ਮਿਲੀ ਕਿ ਕੜਕੜਡੂਮਾ ਪਿੰਡ ਦੇ ਇੱਕ ਕਮਰੇ ਵਿੱਚ ਇੱਕ ਔਰਤ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਹੈ। ਸੂਚਨਾ ਮਿਲਦੇ ਹੀ ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ, ਜਿੱਥੇ ਔਰਤ ਦੀ ਲਾਸ਼ ਕਈ ਚਾਕੂਆਂ ਦੇ ਜ਼ਖ਼ਮਾਂ ਨਾਲ ਮਿਲੀ।
ਮ੍ਰਿਤਕਾ ਦੀ ਪਛਾਣ ਲਖਨਊ ਦੀ ਰਹਿਣ ਵਾਲੀ ਸੋਨਮ ਜੋਸ਼ੀ ਵਜੋਂ ਹੋਈ। ਉਹ ਨੋਇਡਾ ਵਿੱਚ ਘਰੇਲੂ ਸਹਾਇਕਾ ਵਜੋਂ ਕੰਮ ਕਰਦੀ ਸੀ ਅਤੇ ਹਾਲ ਹੀ ਵਿੱਚ ਕੜਕੜਡੂਮਾ ਪਿੰਡ ਵਿੱਚ ਆਪਣੀ ਭਰਜਾਈ ਕੌਸ਼ਲ ਦੇ ਘਰ ਰਹਿ ਰਹੀ ਸੀ। ਸੀਨੀਅਰ ਪੁਲੀਸ ਅਧਿਕਾਰੀਆਂ, ਕ੍ਰਾਈਮ ਟੀਮ ਅਤੇ ਫੋਰੈਂਸਿਕ ਮਾਹਿਰਾਂ ਨੇ ਘਟਨਾ ਸਥਾਨ ਦੀ ਜਾਂਚ ਕਰਕੇ ਸਬੂਤ ਇਕੱਠੇ ਕੀਤੇ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਨੁਜ ਜੋਸ਼ੀ (35) ਕਥਿਤ ਤੌਰ ’ਤੇ ਲਖਨਊ ਤੋਂ ਦਿੱਲੀ ਆਉਣ ਤੋਂ ਪਹਿਲਾਂ ਇੱਕ ਚਾਕੂ ਖਰੀਦ ਕੇ ਲਿਆਇਆ ਸੀ। ਪੁਲੀਸ ਦਾ ਕਹਿਣਾ ਹੈ ਕਿ ਉਹ 28 ਜੂਨ ਨੂੰ ਸਵੇਰੇ ਕਰੀਬ 5.40 ਵਜੇ ਕੜਕੜਡੂਮਾ ਪਿੰਡ ਪਹੁੰਚਿਆ, ਉਸ ਕਮਰੇ ਵਿੱਚ ਦਾਖ਼ਲ ਹੋਇਆ ਜਿੱਥੇ ਸੋਨਮ ਸੁੱਤੀ ਹੋਈ ਸੀ ਅਤੇ ਉਸ ’ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
