ਮਾਲਵੀਆ ਨਗਰ ਅਗਨੀਕਾਂਡ: ਜਾਇਦਾਦ ਦੇ ਮਾਲਕ ਨੂੰ ਮੈਡੀਕਲ ਆਧਾਰ ’ਤੇ ਮਿਲੀ ਅੰਤਰਿਮ ਜ਼ਮਾਨਤ
'ਫਲੋਰਿਸ਼ ਸਟੇਅ' ਬੀ ਐਂਡ ਬੀ ਵਿੱਚ ਅੱਗ ਲੱਗਣ ਕਰਕੇ ਹੋਈ ਸੀ 23 ਲੋਕਾਂ ਦੀ ਮੌਤ
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਮਾਲਵੀਆ ਨਗਰ ਸਥਿਤ ਉਸ ਹੋਟਲ ਦੇ ਮਾਲਕ ਨੂੰ ਚਾਰ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ, ਜਿੱਥੇ ਇਸ ਸਾਲ ਜੂਨ ਵਿੱਚ ਅੱਗ ਲੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ।
ਜਸਟਿਸ ਸਚਿਨ ਦੱਤਾ ਨੇ ਇਹ ਧਿਆਨ ਵਿੱਚ ਰੱਖਦਿਆਂ ਲਵਕੇਸ਼ ਬਜਾਜ ਨੂੰ ਮੈਡੀਕਲ ਆਧਾਰ ’ਤੇ ਰਾਹਤ ਦਿੱਤੀ ਕਿ 31 ਅਗਸਤ ਨੂੰ ਬਜਾਜ ਦੀ ਇੱਕ ਵੱਡੀ ਸਰਜਰੀ ਹੋਈ ਸੀ ਅਤੇ ਉਸ ਨੂੰ 15 ਸਤੰਬਰ ਨੂੰ ਹੀ ਹਸਪਤਾਲ ਤੋਂ ਛੁੱਟੀ ਮਿਲੀ ਸੀ।
ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ, "ਮੈਡੀਕਲ ਰਿਪੋਰਟ ਤੋਂ ਇਹ ਵੀ ਸਪਸ਼ਟ ਹੈ ਕਿ ਸਿਹਤ ਸਬੰਧੀ ਪੇਚੀਦਗੀਆਂ ਦਾ ਖ਼ਤਰਾ ਹੈ, ਉਸ ਨੂੰ ਢੁਕਵੇਂ ਰੂਪ ਵਿੱਚ ਠੀਕ ਹੋਣ ਲਈ ਕੁਝ ਸਮੇਂ ਦੀ ਲੋੜ ਹੈ।"
ਹਾਲਾਂਕਿ ਬਜਾਜ ਨੂੰ ਦਿੱਲੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਬਜਾਜ ਫ਼ਿਲਹਾਲ ਨਿਆਂਇਕ ਹਿਰਾਸਤ ਵਿੱਚ ਹੈ। ਉਹ 3 ਜੂਨ ਨੂੰ ਹੌਜ਼ ਰਾਣੀ ਸਥਿਤ ਪੰਜ ਮੰਜ਼ਿਲਾ 'ਫਲੋਰਿਸ਼ ਸਟੇਅ' ਬੀ ਐਂਡ ਬੀ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਮੁਲਜ਼ਮ ਹੈ। ਇਸ ਹਾਦਸੇ ਵਿੱਚ 23 ਲੋਕਾਂ ਦੀ ਮੌਤ ਹੋਈ ਸੀ ਅਤੇ 24 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ।
ਦਿੱਲੀ ਪੁਲੀਸ ਨੇ ਮਾਮਲੇ ਵਿੱਚ ਬਜਾਜ ਤੋਂ ਇਲਾਵਾ ਮੈਨੇਜਰ-ਕਮ-ਅਕਾਊਂਟੈਂਟ ਜੈ ਮਿਸ਼ਰਾ ਅਤੇ ਰਸੋਈਏ ਕੇਸ਼ਵ ਨੇਗੀ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ।

