ਦਿੱਲੀ ’ਚ ਮਲੇਰੀਏ ਦੇ ਮਾਮਲੇ ਘਟੇ
ਦਿੱਲੀ ਨਿਗਮ ਦੀ ਮੁਹਿੰਮ ਨਾਲ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਠੱਲ੍ਹ ਪਈ; ਲਾਪਰਵਾਹੀ ਵਰਤਣ ਵਾਲਿਆਂ ਨੂੰ 2,669 ਕਾਨੂੰਨੀ ਨੋਟਿਸ ਜਾਰੀ
ਦਿੱਲੀ ਨਗਰ ਨਿਗਮ (ਐੱਮ ਸੀ ਡੀ) ਵੱਲੋਂ ਮੱਛਰ ਰੋਕਣ ਲਈ ਚਲਾਈ ਗਈ ਮੁਹਿੰਮ ਸਾਰਥਕ ਸਿੱਧ ਹੋ ਰਹੀ ਹੈ। ਜਨ ਸਿਹਤ ਵਿਭਾਗ ਦੀ ਮਲੇਰੀਆ ਵਿਰੋਧੀ ਇਕਾਈ ਦੀ ਰਿਪੋਰਟ ਅਨੁਸਾਰ ਇਸ ਸਾਲ ਪਹਿਲੀ ਜਨਵਰੀ ਤੋਂ 28 ਫਰਵਰੀ ਤੱਕ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਤੱਕ ਦਿੱਲੀ ਵਿੱਚ ਡੇਂਗੂ ਦੇ 39, ਮਲੇਰੀਆ ਦੇ 8 ਅਤੇ ਚਿਕਨਗੁਨੀਆ ਦਾ ਸਿਰਫ਼ ਇੱਕ ਮਾਮਲਾ ਸਾਹਮਣੇ ਆਇਆ ਹੈ ਅਤੇ ਕਿਸੇ ਵੀ ਮੌਤ ਦੀ ਸੂਚਨਾ ਨਹੀਂ ਹੈ।
ਤੁਲਨਾਤਮਕ ਤੌਰ ’ਤੇ 2025 ਵਿੱਚ ਇਸੇ ਸਮੇਂ ਦੌਰਾਨ ਡੇਂਗੂ ਦੇ 69 ਅਤੇ ਮਲੇਰੀਆ ਦੇ 8 ਮਾਮਲੇ ਸਨ, ਜਦੋਂ ਕਿ 2024 ਵਿੱਚ ਡੇਂਗੂ ਦੇ 81 ਅਤੇ ਮਲੇਰੀਆ ਦੇ 15 ਮਾਮਲੇ ਰਿਪੋਰਟ ਹੋਏ ਸਨ। ਜ਼ੋਨ ਪੱਧਰ ’ਤੇ ਮਲੇਰੀਆ ਦੇ ਸਭ ਤੋਂ ਵੱਧ 5 ਮਾਮਲੇ ਪੱਛਮੀ ਜ਼ੋਨ ਵਿੱਚ ਮਿਲੇ, ਜਦਕਿ ਡੇਂਗੂ ਦੇ ਮਾਮਲੇ ਪੱਛਮੀ ਜ਼ੋਨ ਵਿੱਚ 6, ਕੇਂਦਰੀ ਵਿੱਚ 5, ਅਤੇ ਸਿਵਲ ਲਾਈਨਜ਼ ਤੇ ਨਜਫਗੜ੍ਹ ਵਿੱਚ 3-3 ਪਾਏ ਗਏ।
ਰੋਕਥਾਮ ਦੇ ਉਪਰਾਲਿਆਂ ਤਹਿਤ ਨਿਗਮ ਨੇ 2,179 ਘਰਾਂ ਵਿੱਚ ਮੱਛਰ ਮਾਰਨ ਵਾਲੀ ਦਵਾਈ ਅਤੇ 4,443 ਘਰਾਂ ਵਿੱਚ ਲਾਰਵਾ ਵਿਰੋਧੀ ਦਵਾਈ ਦਾ ਛਿੜਕਾਅ ਕੀਤਾ। ਸਫ਼ਾਈ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ 2,669 ਕਾਨੂੰਨੀ ਨੋਟਿਸ ਜਾਰੀ ਕੀਤੇ ਗਏ ਅਤੇ 254 ਮੁਕੱਦਮੇ ਦਾਇਰ ਕੀਤੇ ਗਏ। ਇਸ ਤੋਂ ਇਲਾਵਾ ਲਾਰਵਾ ਖ਼ਤਮ ਕਰਨ ਲਈ 16,200 ਥਾਵਾਂ ’ਤੇ ਗੰਬੂਜ਼ੀਆ ਮੱਛੀਆਂ ਛੱਡੀਆਂ ਗਈਆਂ ਹਨ। ਇਹ ਉਪਰਾਲੇ ਸ਼ਹਿਰ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਅਹਿਮ ਸਾਬਤ ਹੋ ਰਹੇ ਹਨ।

