''ਫਿਲਮ ਬਣਾਓ ਅਤੇ ਲੋਕਾਂ ਦਾ ਦੁਬਾਰਾ ਮਨੋਰੰਜਨ ਕਰੋ; ਇਸ ਨਾਲ ਤੁਹਾਡਾ ਅਕਸ ਸੁਧਰੇਗਾ'': ਸੁਪਰੀਮ ਕੋਰਟ ਦੀ ਰਾਜਪਾਲ ਯਾਦਵ ਨੂੰ 'ਸਲਾਹ'
ਅਦਾਲਤ ਨੇ ਚੈੱਕ ਬਾਊਂਸ ਮਾਮਲੇ ਵਿੱਚ ਬਕਾਇਆ ਚੁਕਾਉਣ ਲਈ ਜੱਦੀ ਜਾਇਦਾਦ ਵੇਚਣ ਦੇ ਰਾਜਪਾਲ ਦੇ ਪ੍ਰਸਤਾਵ ਨੂੰ ਕੀਤਾ ਸਵੀਕਾਰ
ਚੈੱਕ ਬਾਊਂਸ ਦੇ ਮਾਮਲੇ ਵਿੱਚ ਫਸੇ ਅਦਾਕਾਰ ਰਾਜਪਾਲ ਯਾਦਵ ਨੂੰ ਬੁੱਧਵਾਰ ਨੂੰ ਸੁਪਰੀਮ ਕੋਰਟ ਤੋਂ ਇੱਕ 'ਸਲਾਹ' ਮਿਲੀ, ਜਿਸ ਵਿੱਚ ਉਨ੍ਹਾਂ ਨੂੰ ਆਪਣਾ ਅਕਸ ਸੁਧਾਰਨ ਲਈ ਮੁੜ ਫਿਲਮਾਂ ਬਣਾਉਣ ਦਾ ਸੁਝਾਅ ਦਿੱਤਾ ਗਿਆ।
ਸੀ ਜੇ ਆਈ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਯਾਦਵ ਨੂੰ ਕਿਹਾ, “ਇੱਕ ਚੰਗੀ ਫਿਲਮ ਬਣਾਓ, ਲੋਕਾਂ ਦਾ ਦੁਬਾਰਾ ਮਨੋਰੰਜਨ ਕਰੋ ਅਤੇ ਆਪਣਾ ਅਕਸ ਦੁਬਾਰਾ ਬਣਾਓ।” ਬੈਂਚ ਨੇ ਇਹ ਗੱਲ ਲੰਮੇ ਸਮੇਂ ਤੋਂ ਚੱਲ ਰਹੇ ਚੈੱਕ-ਬਾਊਂਸ ਮਾਮਲਿਆਂ ਦੀ ਲੜੀ ਵਿੱਚ ਆਪਣੇ ਪਿਛਲੇ ਹੁਕਮ ਦੇ ਤਹਿਤ ਅਦਾਕਾਰ ਦੁਆਰਾ ਕੀਤੇ ਗਏ 1.15 ਕਰੋੜ ਰੁਪਏ ਦੇ ਭੁਗਤਾਨ 'ਤੇ ਗੌਰ ਕਰਦਿਆਂ ਕਹੀ।
ਯਾਦਵ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਉਸਦੀ ਜੱਦੀ ਜਾਇਦਾਦ ਦਾ ਇੱਕ ਸੰਭਾਵੀ ਖਰੀਦਦਾਰ ਮਿਲ ਗਿਆ ਹੈ ਅਤੇ ਖਰੀਦਦਾਰ 12 ਅਕਤੂਬਰ ਤੱਕ ਸੁਪਰੀਮ ਕੋਰਟ ਦੀ ਰਜਿਸਟਰੀ ਵਿੱਚ ਡਿਮਾਂਡ ਡਰਾਫਟ ਰਾਹੀਂ 85 ਲੱਖ ਰੁਪਏ ਜਮ੍ਹਾ ਕਰਨ ਲਈ ਤਿਆਰ ਹੈ।
ਇਹ ਨੋਟ ਕਰਦੇ ਹੋਏ ਕਿ ਉਹ ਯਾਦਵ ਦੇ ਵਤੀਰੇ ਤੋਂ ਸੰਤੁਸ਼ਟ ਨਹੀਂ ਹੈ, ਬੈਂਚ ਨੇ ਕਿਹਾ ਕਿ ਉਹ ਉਸਨੂੰ ਸਿਰਫ ਕੁੱਝ ਰਾਹਤ ਦੇ ਰਹੀ ਹੈ। ਬੈਂਚ ਨੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਲਈ ਤੈਅ ਕੀਤੀ।
ਲੰਮੇ ਸਮੇਂ ਤੋਂ ਚੱਲ ਰਹੇ ਚੈੱਕ-ਬਾਊਂਸ ਮਾਮਲਿਆਂ ਦੀ ਲੜੀ ਵਿੱਚ ਇੱਕ ਨਿੱਜੀ ਫਰਮ ਦੇ ਬਕਾਏ ਲਈ ਪੈਸੇ ਜਮ੍ਹਾ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਯਾਦਵ ਦੇ ਅਸਫ਼ਲ ਰਹਿਣ ਤੋਂ ਨਾਰਾਜ਼ ਹੋ ਕੇ, ਸੁਪਰੀਮ ਕੋਰਟ ਨੇ 5 ਅਕਤੂਬਰ ਨੂੰ ਉਸ 'ਤੇ ਸਖ਼ਤੀ ਕਰਦਿਆਂ ਕਿਹਾ ਸੀ ਕਿ ਉਸਦੀ ਜਗ੍ਹਾ ਜੇਲ੍ਹ ਵਿੱਚ ਹੈ।
ਅਦਾਲਤ ਵਿੱਚ ਮੌਜੂਦ ਯਾਦਵ ਨੇ ਬੁੱਧਵਾਰ ਨੂੰ ਬੈਂਚ ਨੂੰ ਦੱਸਿਆ ਕਿ ਉਸਨੂੰ ਆਪਣੀ ਫਿਲਮ 'ਅਤਾ ਪਤਾ ਲਾਪਤਾ' ਕਾਰਨ ਵਿੱਤੀ ਨੁਕਸਾਨ ਝੱਲਣਾ ਪਿਆ।
ਉਸ ਨੇ ਕਿਹਾ, “ਸਰ, ਪ੍ਰਣਾਮ ਕਰਦਾ ਹਾਂ। ਮੈਂ ਕੋਈ 200 ਤੋਂ 250 ਫਿਲਮਾਂ ਵਿੱਚ ਕੰਮ ਕੀਤਾ ਹੈ। ਪਿਛਲੇ 13 ਸਾਲਾਂ ਦੌਰਾਨ, ਮੈਨੂੰ 200-250 ਕਰੋੜ ਰੁਪਏ ਦਾ ਨੁਕਸਾਨ ਵੀ ਹੋਇਆ ਹੈ। ਮੈਨੂੰ ਅਤਾ ਪਤਾ ਲਾਪਤਾ ਨਾਲ ਨੁਕਸਾਨ ਹੋਇਆ। 17 ਕਰੋੜ ਰੁਪਏ ਡੁੱਬ ਗਏ... ਤੁਸੀਂ ਜਦੋਂ ਚਾਹੋ ਅਤੇ ਜਿੱਥੇ ਚਾਹੋ ਮੈਨੂੰ ਭੇਜ ਦਿਓ; ਮੈਂ ਤਿਆਰ ਹਾਂ... ਮੈਂ ਇੱਕ ਰੁਪਿਆ ਵੀ ਨਹੀਂ ਕਮਾ ਸਕਿਆ।"
ਕਈ ਫਿਲਮਾਂ ਵਿੱਚ ਆਪਣੀਆਂ ਹਾਸਰਸ ਭੂਮਿਕਾਵਾਂ ਲਈ ਜਾਣੇ ਜਾਂਦੇ ਅਦਾਕਾਰ ਨੇ ਕਿਹਾ, “ਮੇਰੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਮੇਰੀ ਫਿਲਮ ਰੋਕ ਦਿੱਤੀ ਗਈ। ਇਹ 1,200 ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ, ਫਿਰ ਵੀ ਇਹ ਇੱਕ ਵਿੱਚ ਵੀ ਰਿਲੀਜ਼ ਨਹੀਂ ਹੋ ਸਕੀ।"
ਸੀ ਜੇ ਆਈ ਨੇ ਪੁੱਛਿਆ, "ਕੀ ਕੋਈ ਨਵੀਂ ਫਿਲਮ ਆ ਰਹੀ ਹੈ? ਕੋਈ ਚੰਗੀ ਫਿਲਮ ਬਣਾਓ ਅਤੇ ਲੋਕਾਂ ਦਾ ਦੁਬਾਰਾ ਮਨੋਰੰਜਨ ਕਰੋ; ਇਸ ਨਾਲ ਤੁਹਾਡਾ ਅਕਸ ਦੁਬਾਰਾ ਬਣੇਗਾ। ਸਾਡੇ ਇੱਥੇ ਕੁਝ ਵਕੀਲ ਵੀ ਚੰਗੇ ਅਦਾਕਾਰ ਹਨ-ਉਨ੍ਹਾਂ ਨੂੰ ਲੈ ਕੇ ਕੋਈ ਫਿਲਮ ਕਿਉਂ ਨਹੀਂ ਬਣਾਉਂਦੇ?"
ਜ਼ਿਕਰਯੋਗ ਹੈ ਕਿ ਕਈ ਚੈੱਕ-ਬਾਊਂਸ ਮਾਮਲਿਆਂ ਵਿੱਚ ਦਿੱਲੀ ਹਾਈ ਕੋਰਟ ਨੇ 10 ਜੁਲਾਈ ਨੂੰ ਉਸਨੂੰ ਤਿੰਨ ਮਹੀਨਿਆਂ ਦੀ ਕੈਦ ਦੀ ਸਜ਼ਾ ਵੀ ਸੁਣਾਈ ਸੀ।

