LPG Supply Crisis In India; ਵਪਾਰਕ ਉਪਭੋਗਤਾਵਾਂ ਲਈ ਸਪਲਾਈ ਕੀਤੀ ਸੀਮਤ
ਹੋਟਲਾਂ ਸਮੇਤ ਵਪਾਰਕ ਖਪਤਕਾਰਾਂ ’ਤੇ ਸਪਲਾਈ ਦੀਆਂ ਪਾਬੰਦੀਆਂ ਲਾਗੂ ਰਹਿਣ ਕਾਰਨ ਚਿੰਤਾ ਵਧੀ
ਐੱਲ ਪੀ ਜੀ ਸਪਲਾਈ ਦੀ ਕਿੱਲਤ ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਹਫ਼ਤੇ ਵੀ ਜਾਰੀ ਰਹੀ ਪਰ ਇਸ ਵਿਚਾਲੇ ਰੀਫਿਲ (refill) ਦੀ ਬੁਕਿੰਗ ਵਿੱਚ ਕੁਝ ਨਰਮੀ ਆਈ ਹੈ, ਜਿਸ ਨਾਲ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋਣ ਦੇ ਸੰਕੇਤ ਮਿਲ ਰਹੇ ਹਨ।
ਹਾਲਾਂਕਿ ਚਿੰਤਾਵਾਂ ਅਜੇ ਵੀ ਬਰਕਰਾਰ ਹਨ, ਕਿਉਂਕਿ ਪੱਛਮੀ ਏਸ਼ੀਆ ਵਿਚ ਤਣਾਅ ਵਧਣ ਕਾਰਨ ਮਿਲਣ ਵਾਲੀ ਸਪਲਾਈ ਵਿੱਚ ਲਗਾਤਾਰ ਵਿਘਨ ਪੈਣ ਕਾਰਨ ਹੋਟਲਾਂ ਸਮੇਤ ਵਪਾਰਕ ਖਪਤਕਾਰਾਂ 'ਤੇ ਸਪਲਾਈ ਦੀਆਂ ਪਾਬੰਦੀਆਂ ਲਾਗੂ ਹਨ।
ਇਰਾਨ ਨੇ ਆਪਣੇ ਉੱਤੇ ਹੋਏ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਬੰਦ ਕਰ ਦਿੱਤਾ ਹੈ। ਇਹ ਉਹ ਮਹੱਤਵਪੂਰਨ ਸਮੁੰਦਰੀ ਰਸਤਾ ਹੈ, ਜਿਸ ਰਾਹੀਂ ਭਾਰਤ ਆਪਣੀ ਦਰਾਮਦ ਦਾ 60 ਫੀਸਦੀ ਹਿੱਸਾ ਪ੍ਰਾਪਤ ਕਰਦਾ ਹੈ। ਰਾਤੋ-ਰਾਤ ਇੰਨੀ ਵੱਡੀ ਸਪਲਾਈ ਵਿਚ ਇਕਦਮ ਵਿਘਣ ਪੈਣ ਕਾਰਨ ਸਰਕਾਰ ਨੇ ਘਰੇਲੂ ਰਸੋਈਆਂ ਨੂੰ ਸਪਲਾਈ ਦੇਣ ਨੂੰ ਪਹਿਲ ਦਿੱਤੀ ਹੈ।
ਸਰਕਾਰ ਵਲੋਂ ਵਪਾਰਕ ਅਦਾਰਿਆਂ ਨੂੰ ਸ਼ੁਰੂ ਵਿਚ ਸਪਲਾਈ ਬੰਦ ਕਰ ਦਿੱਤੀ ਗਈ ਸੀ ਪਰ ਬਾਅਦ ਵਿੱਚ ਉਨ੍ਹਾਂ ਦੀ ਲੋੜ ਦਾ ਪੰਜਵਾਂ ਹਿੱਸਾ ਬਹਾਲ ਕਰ ਦਿੱਤਾ ਗਿਆ ਹੈ। ਉਧਰ ਇਸ ਕਦਮ ਕਰਕੇ ਘਰੇਲੂ ਉਪਭੋਗਤਾਵਾਂ ਵਿੱਚ ਵੀ ਘਬਰਾਹਟ ਫੈਲ ਗਈ ਹੈ, ਉਨ੍ਹਾਂ ਨੂੰ ਖਦਸ਼ਾ ਸੀ ਕਿ ਉਨ੍ਹਾਂ ਦੇ ਗੈਸ ਸਿਲੰਡਰਾਂ ਦੀ ਉਪਲਬਧਤਾ ਨੂੰ ਵੀ ਸੀਮਤ ਕੀਤਾ ਜਾ ਸਕਦਾ ਹੈ। ਜਦੋਂ ਇਹ ਵਰਤਾਰਾ ਸ਼ੁਰੂ ਹੋਇਆ ਤਾਂ ਲੋਕਾਂ ਨੇ 13 ਮਾਰਚ ਨੂੰ ਇਕਦਮ ਸਿਲੰਬਰ ਬੁੱਕ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਬੁਕਿੰਗਾਂ 87.7 ਲੱਖ ਦੇ ਸਿਖਰ 'ਤੇ ਪਹੁੰਚ ਗਈਆਂ ਸਨ ਪਰ ਉਸ ਤੋਂ ਬਾਅਦ ਇਸ ਵਿੱਚ ਗਿਰਾਵਟ ਆਈ।
ਇੱਕ ਮੀਡੀਆ ਬ੍ਰੀਫਿੰਗ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਦੱਸਿਆ ਕਿ 19 ਮਾਰਚ ਨੂੰ ਲਗਪਗ 55 ਲੱਖ ਬੁਕਿੰਗਾਂ ਹੋਈਆਂ, ਜੋ ਪਿਛਲੇ ਦਿਨ ਦੀਆਂ 57 ਲੱਖ ਤੋਂ ਬੁਕਿੰਗਾਂ ਤੋਂ ਘੱਟ ਸਨ। ਜੰਗ ਤੋਂ ਪਹਿਲਾਂ ਪ੍ਰਤੀ ਦਿਨ ਔਸਤ ਬੁਕਿੰਗ 50-55 ਲੱਖ ਸੀ।
ਉਨ੍ਹਾਂ ਨੇ ਕਿਹਾ, "ਘਬਰਾਹਟ ਵਿੱਚ ਕੀਤੀ ਜਾ ਰਹੀ ਬੁਕਿੰਗ ਹੌਲੀ ਹੌਲੀ ਘੱਟ ਰਹੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਉਪਲਬਧ ਐੱਲ ਪੀ ਜੀ ਦੀ ਸਪਲਾਈ ਵਿੱਚ ਘਰੇਲੂ ਪਰਿਵਾਰਾਂ ਨੂੰ ਪਹਿਲ ਦੇਣਾ ਜਾਰੀ ਰੱਖ ਰਹੀ ਹੈ।
ਸ਼ਰਮਾ ਮੁਤਾਬਕ "ਐੱਲ ਪੀ ਜੀ (ਸਪਲਾਈ) ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਪਰ ਕਿਸੇ ਵੀ ਐੱਲ ਪੀ ਜੀ ਡਿਸਟ੍ਰੀਬਿਊਟਰ ਕੋਲ ਸਟਾਕ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ"। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਵਪਾਰਕ ਅਦਾਰਿਆਂ ਨੂੰ 11,300 ਟਨ ਵਪਾਰਕ ਐੱਲ ਪੀ ਜੀ ਦਿੱਤੀ ਗਈ ਸੀ।
ਸ਼ਰਮਾ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਘਰੇਲੂ ਐੱਲ ਪੀ ਜੀ ਉਤਪਾਦਨ ਵਿੱਚ 40 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਤਿੰਨ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਐੱਲ ਪੀ ਜੀ ਰੀਫਿਲ ਦੀ ਰੋਜ਼ਾਨਾ ਡਿਲਿਵਰੀ ਜੰਗ ਤੋਂ ਪਹਿਲਾਂ ਦੇ ਆਮ ਪੱਧਰ ’ਤੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, "ਸਥਿਤੀ ਅਜੇ ਵੀ ਚਿੰਤਾਜਨਕ ਹੈ ਪਰ ਅਸੀਂ ਘਰੇਲੂ ਉਪਭੋਗਤਾਵਾਂ ਲਈ ਆਮ ਪੱਧਰ 'ਤੇ ਸਪਲਾਈ ਬਰਕਰਾਰ ਰੱਖ ਰਹੇ ਹਾਂ।"
ਦੂਜੇ ਪਾਸੇ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਛਾਪੇਮਾਰੀ ਅਤੇ ਅਚਨਚੇਤ ਨਿਰੀਖਣ ਜਾਰੀ ਹਨ। ਸ਼ੁੱਕਰਵਾਰ ਨੂੰ 4,500 ਥਾਵਾਂ ’ਤੇ ਛਾਪੇ ਮਾਰੇ ਗਏ, ਜਦਕਿ ਤੇਲ ਕੰਪਨੀਆਂ ਨੇ ਪੈਟਰੋਲ ਪੰਪਾਂ ਅਤੇ ਐੱਲ ਪੀ ਜੀ ਡਿਸਟ੍ਰੀਬਿਊਟਰਾਂ ਦੀਆਂ 1,800 ਅਚਨਚੇਤ ਚੈਕਿੰਗਾਂ ਕੀਤੀਆਂ। ਪੀ.ਟੀ.ਆਈ.

