LPG Price hike: ਐੱਲ ਪੀ ਜੀ ਸਿਲੰਡਰ ਦੀ ਕੀਮਤ ’ਚ ਵੱਡਾ ਵਾਧਾ, ਕੀਮਤ 3000 ਤੋਂ ਪਾਰ
LPG Price hike: ਵਪਾਰਕ ਅਦਾਰੇ ਹੋਣਗੇ ਪ੍ਰਭਾਵਿਤ
LPG Price hike: ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸ਼ੁੱਕਰਵਾਰ ਤੋਂ ਭਾਰੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਭੋਜਨ ਅਤੇ ਪ੍ਰਾਹੁਣਚਾਰੀ (hospitality) ਖੇਤਰ ਦੇ ਕਾਰੋਬਾਰਾਂ ਦੀ ਲਾਗਤ ਵਧ ਗਈ ਹੈ। ਇਹ ਵਾਧਾ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਹੈ, ਜਦੋਂ ਕਿ ਘਰੇਲੂ ਐੱਲਪੀਜੀ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਸਰੋਤਾਂ ਅਨੁਸਾਰ 19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਦਿੱਲੀ ਵਿੱਚ ਅੱਜ ਤੋਂ ਇਸ ਦੀ ਕੀਮਤ 3,071.50 ਰੁਪਏ ਹੋ ਗਈ ਹੈ। 5 ਕਿੱਲੋ ਦੇ ਐੱਫ ਟੀ ਐੱਲ (ਫ੍ਰੀ ਟਰੇਡ ਐਲਪੀਜੀ) ਸਿਲੰਡਰ ਦੀ ਕੀਮਤ ਵਿੱਚ ਵੀ ਤੁਰੰਤ ਪ੍ਰਭਾਵ ਨਾਲ 261 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ।
14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ, ਜੋ ਦੇਸ਼ ਭਰ ਵਿੱਚ ਲਗਪਗ 33 ਕਰੋੜ ਪਰਿਵਾਰਾਂ ਵੱਲੋਂ ਵਰਤਿਆ ਜਾਂਦਾ ਹੈ।
ਇਹ ਸੋਧ ਸਿਰਫ਼ ਵਪਾਰਕ ਅਤੇ ਬਲਕ ਐੱਲਪੀਜੀ ਸ਼੍ਰੇਣੀਆਂ 'ਤੇ ਲਾਗੂ ਹੁੰਦੀ ਹੈ, ਜੋ ਭਾਰਤ ਵਿੱਚ ਕੁੱਲ ਐੱਲਪੀਜੀ ਖਪਤ ਦਾ ਇੱਕ ਛੋਟਾ ਜਿਹਾ ਹਿੱਸਾ ਹਨ। ਘਰੇਲੂ ਐੱਲਪੀਜੀ, ਜੋ ਕਿ ਸਬਸਿਡੀ ਵਾਲੀ ਹੈ ਅਤੇ ਖਾਣਾ ਪਕਾਉਣ ਲਈ ਵਿਆਪਕ ਤੌਰ 'ਤੇ ਵਰਤੀ ਜਾਂਦੀ ਹੈ, ਨੂੰ ਤਾਜ਼ਾ ਕੀਮਤ ਵਿਵਸਥਾ ਤੋਂ ਬਾਹਰ ਰੱਖਿਆ ਗਿਆ ਹੈ।
ਇਹ ਵਾਧਾ ਆਲਮੀ ਕੱਚੇ ਤੇਲ ਦੀਆਂ ਅਸਥਿਰ ਕੀਮਤਾਂ ਦੇ ਪਿਛੋਕੜ ਵਿੱਚ ਹੋਇਆ ਹੈ, ਜੋ ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਕਾਰਨ ਪਿਛਲੇ ਹਫ਼ਤਿਆਂ ਵਿੱਚ ਉੱਚੀਆਂ ਰਹੀਆਂ ਹਨ। ਬ੍ਰੈਂਟ ਕਰੂਡ ਵੀਰਵਾਰ ਨੂੰ 126 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਿਆ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਹ ਡਿੱਗ ਕੇ 113 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਕਿਉਂਕਿ ਭਾਰਤ ਆਪਣੀ ਐੱਲ ਪੀ ਜੀ ਲੋੜਾਂ ਦਾ ਇੱਕ ਵੱਡਾ ਹਿੱਸਾ ਦਰਾਮਦ ਕਰਦਾ ਹੈ, ਇਸ ਲਈ ਵਪਾਰਕ ਅਤੇ ਗੈਰ-ਸਬਸਿਡੀ ਵਾਲੇ ਸਿਲੰਡਰਾਂ ਦੀ ਘਰੇਲੂ ਕੀਮਤ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਜੁੜੀ ਹੋਈ ਹੈ ਅਤੇ ਹਰ ਮਹੀਨੇ ਇਸਦੀ ਸਮੀਖਿਆ ਕੀਤੀ ਜਾਂਦੀ ਹੈ।
ਤੇਲ ਮਾਰਕੀਟਿੰਗ ਕੰਪਨੀਆਂ ਆਮ ਤੌਰ 'ਤੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅੰਤਰਰਾਸ਼ਟਰੀ ਔਸਤ ਕੀਮਤ ਅਤੇ ਵਿਦੇਸ਼ੀ ਮੁਦਰਾ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਐੱਲਪੀਜੀ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਜਦੋਂ ਕਿ ਘਰੇਲੂ ਐੱਲਪੀਜੀ ਦਰਾਂ ਨੂੰ ਪਰਿਵਾਰਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਪਿਛਲੇ ਮਹੀਨਿਆਂ ਵਿੱਚ ਸਥਿਰ ਰੱਖਿਆ ਗਿਆ ਹੈ, ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ ਵਿਸ਼ਵਵਿਆਪੀ ਰੁਝਾਨਾਂ ਦੇ ਅਧਾਰ 'ਤੇ ਅਕਸਰ ਬਦਲਾਅ ਦੇਖੇ ਗਏ ਹਨ।
LPG Price hike: ਵਪਾਰਕ ਅਦਾਰੇ ਹੋਣਗੇ ਪ੍ਰਭਾਵਿਤ
19 ਕਿਲੋ ਦੇ ਸਿਲੰਡਰ ਵਿੱਚ ਭਾਰੀ ਵਾਧਾ ਸਿੱਧੇ ਤੌਰ 'ਤੇ ਰੈਸਟੋਰੈਂਟਾਂ, ਹੋਟਲਾਂ, ਬੇਕਰੀਆਂ ਅਤੇ ਹੋਰ ਅਦਾਰਿਆਂ ਨੂੰ ਪ੍ਰਭਾਵਿਤ ਕਰੇਗਾ ਜੋ ਰੋਜ਼ਾਨਾ ਦੇ ਕੰਮਾਂ ਲਈ ਵਪਾਰਕ ਐਲਪੀਜੀ 'ਤੇ ਨਿਰਭਰ ਕਰਦੇ ਹਨ। ਉਦਯੋਗ ਨਾਲ ਜੁੜੇ ਲੋਕ ਅਕਸਰ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਖਪਤਕਾਰਾਂ 'ਤੇ ਪਾ ਦਿੰਦੇ ਹਨ, ਜਿਸ ਦਾ ਅਸਰ ਆਉਣ ਵਾਲੇ ਹਫ਼ਤਿਆਂ ਵਿੱਚ ਖਾਣ-ਪੀਣ ਦੀਆਂ ਕੀਮਤਾਂ ਵਿੱਚ ਦੇਖਿਆ ਜਾ ਸਕਦਾ ਹੈ।
5 ਕਿਲੋ ਦਾ ਫ੍ਰੀ ਟਰੇਡ ਐਲਪੀਜੀ (FTL) ਸਿਲੰਡਰ ਜੋ ਮੁੱਖ ਤੌਰ 'ਤੇ ਛੋਟੇ ਅਦਾਰਿਆਂ ਅਤੇ ਸੀਮਤ ਵਪਾਰਕ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ, ਸਬਸਿਡੀ ਵਾਲਾ ਨਹੀਂ ਹੈ ਅਤੇ ਇਸਦੀ ਕੀਮਤ ਬਜ਼ਾਰ ਦੀਆਂ ਦਰਾਂ ਦੇ ਨੇੜੇ ਹੈ, ਜਿਸ ਕਾਰਨ ਇਹ ਵਿਸ਼ਵਵਿਆਪੀ ਉਤਰਾਅ-ਚੜ੍ਹਾਅ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ।
ਕੁੱਲ ਮਿਲਾ ਕੇ ਇਸ ਮਹੀਨੇ ਘਰੇਲੂ ਐੱਲਪੀਜੀ ਸਮੇਤ ਲਗਪਗ 80 ਫੀਸਦੀ ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ, ਜਦੋਂ ਕਿ ਲਗਪਗ 16% ਉਤਪਾਦਾਂ, ਜੋ ਮੁੱਖ ਤੌਰ 'ਤੇ ਉਦਯੋਗਿਕ ਅਤੇ ਵਪਾਰਕ ਵਰਤੋਂ ਲਈ ਹਨ, ਵਿੱਚ ਵਾਧਾ ਦੇਖਿਆ ਗਿਆ ਹੈ। ਬਾਕੀ 4 ਫੀਸਦੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ।

