Lok Sabha: ‘ਗੈਰ-ਜ਼ਿੰਮੇਵਾਰਾਨਾ ਵਿਵਹਾਰ’ ਲਈ ਅੱਠ ਮੈਂਬਰ ਮੁਅੱਤਲ, ਦਿਨ ਭਰ ਲਈ ਮੁਲਤਵੀ
ਲੋਕ ਸਭਾ ਦੀ ਕਾਰਵਾਈ ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ 12 ਵਜੇ ਮੁੜ ਸ਼ੁਰੂ ਹੋਈ ਪਰ ਸਦਨ ਦੀ ਕਾਰਵਾਈ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਰੋਕਣੀ ਪਈ। ਹੱਥਾਂ...
ਲੋਕ ਸਭਾ ਦੀ ਕਾਰਵਾਈ ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ 12 ਵਜੇ ਮੁੜ ਸ਼ੁਰੂ ਹੋਈ ਪਰ ਸਦਨ ਦੀ ਕਾਰਵਾਈ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਰੋਕਣੀ ਪਈ। ਹੱਥਾਂ ਵਿੱਚ ਪਲੇਅਕਾਰਡ ਲੈ ਕੇ ਵਿਰੋਧੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰਨੀ ਪਈ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਅੱਠ ਮੈਂਬਰਾਂ ਨੂੰ 'ਗੈਰ-ਜ਼ਿੰਮੇਵਾਰਾਨਾ ਵਿਵਹਾਰ' ਕਰਨ, ਜਿਸ ਵਿੱਚ ਕਾਗਜ਼ ਪਾੜ ਕੇ ਚੇਅਰ ਵੱਲ ਸੁੱਟਣਾ ਸ਼ਾਮਲ ਸੀ, ਲਈ ਮੁਅੱਤਲ ਕਰ ਦਿੱਤਾ ਗਿਆ ਹੈ।।
ਕਈ ਵਾਰ ਮੁਲਤਵੀ ਹੋਣ ਤੋਂ ਬਾਅਦ ਜਿਵੇਂ ਹੀ ਦੁਪਹਿਰ 3 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ, ਚੇਅਰ 'ਤੇ ਬੈਠੇ ਦਿਲੀਪ ਸੈਕੀਆ ਨੇ ਕਾਂਗਰਸ ਦੇ ਅੱਠ ਮੈਂਬਰਾਂ ਦੇ ਨਾਮ ਲਏ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਬਜਟ ਸੈਸ਼ਨ ਦੀ ਬਾਕੀ ਮਿਆਦ, ਜੋ ਕਿ 2 ਅਪ੍ਰੈਲ ਨੂੰ ਖਤਮ ਹੋਣੀ ਹੈ, ਲਈ ਇਨ੍ਹਾਂ ਅੱਠ ਮੈਂਬਰਾਂ ਦੀ ਮੁਅੱਤਲੀ ਦਾ ਮਤਾ ਪੜ੍ਹਿਆ। ਸਦਨ ਨੇ ਜ਼ੁਬਾਨੀ ਵੋਟ ਨਾਲ ਇਹ ਮਤਾ ਪਾਸ ਕਰ ਦਿੱਤਾ, ਜਿਸ ਤੋਂ ਬਾਅਦ ਹੰਗਾਮੇ ਦੇ ਚਲਦਿਆਂ ਦਿਨ ਭਰ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਮੈਂਬਰਾਂ ਨੇ ਪਾਰਟੀ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ। ਮੰਗਲਵਾਰ ਦੁਪਹਿਰ ਤੋਂ ਹੀ ਸਦਨ ਵਿੱਚ ਉਸ ਸਮੇਂ ਤੋਂ ਹੰਗਾਮਾ ਚੱਲ ਰਿਹਾ ਸੀ ਜਦੋਂ ਰਾਹੁਲ ਗਾਂਧੀ ਨੂੰ 2020 ਦੇ ਭਾਰਤ-ਚੀਨ ਸੰਘਰਸ਼ ਬਾਰੇ ਸਾਬਕਾ ਫੌਜ ਮੁਖੀ ਐਮ.ਐਮ. ਨਰਵਣੇ ਦੀ ਇੱਕ ਅਣਪ੍ਰਕਾਸ਼ਿਤ 'ਯਾਦਾਂ' (memoir) ਦੇ ਅੰਸ਼ਾਂ 'ਤੇ ਅਧਾਰਿਤ ਲੇਖ ਦਾ ਹਵਾਲਾ ਦੇਣ ਤੋਂ ਰੋਕ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਸਦਨ ’ਚ ਪ੍ਰਸ਼ਨਕਾਲ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਅਮਰੀਕਾ ਨਾਲ ਟਰੇਡ ਡੀਲ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਚੁੱਕੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਈ ਵਾਰ ਵਿਰੋਧੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਇਸ ਦੇ ਬਾਵਜੂਦ ਵਿਰੋਧੀ ਹੰਗਾਮਾ ਕਰਦੇ ਰਹੇ। ਇਸੇ ਕਾਰਨ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।

