ਪੰਜਾਬੀ ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ/ਨਵੀਂ ਦਿੱਲੀ 16 ਮਈ
ਦਿੱਲੀ ਵਿੱਚ ਲੌਕਡਾਊਨ ਇਕ ਹਫਤਾ ਹੋਰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿਚ ਹੁਣ ਲੌਕਡਾਊਨ 24 ਮਈ ਤਕ ਰਹੇਗਾ। ਇਸ ਵੇਲੇ ਕਰੋਨਾ ਦੇ ਕੇਸਾਂ ਵਿਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਸਰਕਾਰ ਵਲੋਂ ਕਰੋਨਾ ਨੂੰ ਕਾਬੂ ਵਿਚ ਰੱਖਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਇਸੇ ਦੌਰਾਨ ਐਤਵਾਰ ਨੂੰਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਵਿੱਚ ਕਾਲੀ ਫੰਗਸ ਜਾਂ ਮਿਊਕੋਰਮਾਈਕੋਸਿਸ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਅਤੇ ਇਹਤਿਆਤੀ ਕਦਮ ਚੁੱਕੇਗੀ। ਜ਼ਿਕਰਯੋਗ ਹੈ ਕਿ ਹਾਲ ’ਚ ਹੀ ਕਈ ਸੂਬਿਆਂ, ਜਿਨ੍ਹਾਂ ਵਿੱਚ ਕੇਂਦਰੀ ਸ਼ਾਸਿਤ ਪ੍ਰਦੇਸ਼ ਦਿੱਲੀ ਵੀ ਸ਼ਾਮਲ ਹੈ, ਵਿੱਚ ਕਰੋਨਾ ਲਾਗ ਤੋਂ ਉੱਭਰੇ ਵੱਡੀ ਗਿਣਤੀ ਲੋਕਾਂ ਸਣੇ ਹੋਰਨਾਂ ’ਚ ਕਾਲੀ ਫੰਗਸ ਦੇ ਲੱਛਣ ਪਾਏ ਗਏ ਹਨ। ਇੱਕ ਬਿਆਨ ’ਚ ਸ੍ਰੀ ਕੇਜਰੀਵਾਲ ਨੇ ਕਿਹਾ, ‘ਦਿੱਲੀ ਸਰਕਾਰ ਕਾਲੀ ਫੰਗਸ ਰੋਕਣ ਲਈ ਸਾਰੇ ਕਦਮ ਚੁੱਕੇਗੀ ਅਤੇ ਸਾਵਧਾਨੀਆਂ ਵਰਤੇਗੀ।’ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 9 ਮਈ ਜਾਰੀ ਇੱਕ ਐਡਵਾਈਜ਼ਰੀ ’ਚ ਕਿਹਾ ਸੀ ਕਿ ਜੇਕਰ ਕਾਲੀ ਫੰਗਸ ਸਬੰਧੀ ਸਾਵਧਾਨੀ ਨਾ ਵਰਤੀ ਗਈ ਤਾਂ ਇਹ ਖਤਰਨਾਕ ਸਾਬਤ ਹੋ ਸਕਦੀ ਹੈ। -ਏਜੰਸੀ