ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਕਤੂਬਰ
ਇਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੂੰ ਅਤਿ ਆਧੁਨਿਕ ਡਾਕਟਰੀ ਸਹੂਲਤਾਂ ਦੇਣ ਦੇ ਉਦੇਸ਼ ਨਾਲ ਐੱਲਐੱਨਜੇਪੀ ਹਸਪਤਾਲ ਵਿੱਚ 1500 ਬੈੱਡਾਂ ਦੇ ਮਲਟੀ-ਸਪੈਸ਼ਲਿਟੀ ਬਲਾਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਢਾਈ ਸਾਲਾਂ ਵਿੱਚ 1500 ਬਿਸਤਰੇ ਜੋੜਨ ਤੋਂ ਬਾਅਦ ਐੱਲਐੱਨਜੇਪੀ 3800 ਬਿਸਤਰੇ ਬਣ ਜਾਣਗੇ ਜੋ ਦੇਸ਼ ਦਾ ਸਭ ਤੋਂ ਵੱਡਾ ਹਸਪਤਾਲ ਹੋਵੇਗਾ। ਹਸਪਤਾਲ ਆਧੁਨਿਕ ਡਿਜ਼ਾਈਨ ਤੇ ਆਧੁਨਿਕ ਮੈਡੀਕਲ ਬੁਨਿਆਦੀ ਢਾਂਚੇ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਸਹੂਲਤਾਂ ਵਾਲੇ 1500 ਬੈੱਡ ਬਣਾਉਣ ਲਈ ਤਕਰੀਬਨ 450 ਕਰੋੜ ਰੁਪਏ ਖਰਚ ਹੋਣ ਦੀ ਉਮੀਦ ਹੈ। ਸਾਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਕੇ ਪੈਸੇ ਦੀ ਬੱਚਤ ਵੀ ਕਰ ਰਹੇ ਹਾਂ ਜਦੋਂ ਕਿ ਹੋਰ ਰਾਜ ਸਰਕਾਰਾਂ ਦੇ ਪਾਜੈਕਟ 10-10 ਸਾਲ ਲੱਗਦੇ ਹਨ ਤੇ ਜੇ 200 ਕਰੋੜ ਦਾ ਬਜਟ ਹੈ ਤਾਂ ਹਜ਼ਾਰ ਕਰੋੜ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਵੱਲੋਂ ਬਣਾਏ ਜਾ ਰਹੇ ਇਸ ਹਸਪਤਾਲ ਵਿੱਚ ਇੱਕ ਬਿਸਤਰੇ ਬਣਾਉਣ ਦੀ ਕੀਮਤ ਕਰੀਬ 30 ਲੱਖ ਰੁਪਏ ਆ ਰਹੀ ਹੈ ਤੇ 1500 ਬਿਸਤਰੇ ਬਣਾਉਣ ਦੀ ਕੀਮਤ ਕਰੀਬ 450 ਕਰੋੜ ਰੁਪਏ ਆਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਜਾਂ ਕੋਈ ਵੀ ਰਾਜ ਸਰਕਾਰ ਇਸ ਸਮੇਂ ਦੇਸ਼ ਵਿੱਚ ਹਸਪਤਾਲ ਬਣਾਉਂਦੀ ਹੈ ਤਾਂ ਉੱਥੇ ਪ੍ਰਤੀ ਬਿਸਤਰਾ ਸਵਾ ਕਰੋੜ ਤੋਂ ਡੇਢ ਕਰੋੜ ਆਉਂਦਾ ਹੈ ਤੇ ਜਦੋਂ ਦਿੱਲੀ ਸਰਕਾਰ ਸਭ ਤੋਂ ਆਧੁਨਿਕ ਬਿਸਤਰੇ ਬਣਾਉਂਦੀ ਹੈ, ਇਸ ਲਈ ਪ੍ਰਤੀ ਬੈੱਡ ’ਤੇ 30 ਲੱਖ ਰੁਪਏ ਦੀ ਲਾਗਤ ਆਉਂਦੀ ਹੈ। ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਹੈ ਕਿ ਦਿੱਲੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੇਵੇ ਤੇ ਐੱਲਐੱਨਜੇਪੀ ਹਸਪਤਾਲ ਇਸ ਦਿਸ਼ਾ ਵਿੱਚ ਵੱਡਾ ਯੋਗਦਾਨ ਪਾਵੇਗਾ। ਪੂਰੀ ਤਰ੍ਹਾਂ ਏਅਰਕੰਡੀਸ਼ਨਡ ਮੈਡੀਕਲ ਬਲਾਕ ਵਿੱਚ ਇਕ ਛੱਤ ਹੇਠ ਸਾਰੀਆਂ ਆਧੁਨਿਕ ਮੈਡੀਕਲ ਸਹੂਲਤਾਂ ਹੋਣਗੀਆਂ ਤੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜਿੰਗ ਪੁਆਇੰਟ ਦੀ ਸਹੂਲਤ ਵੀ ਦਿੱਤੀ ਜਾਵੇਗੀ। ਐੱਲਐੱਨਜੇਪੀ ਹਸਪਤਾਲ ਵਿੱਚ ਇਸ ਮੌਕੇ 2000 ਬੈੱਡ ਹਨ, 1500 ਨੂੰ ਜੋੜਨ ਤੋਂ ਬਾਅਦ, ਐੱਲਐੱਨਜੇਪੀ ਹਸਪਤਾਲ 3500 ਬਿਸਤਰੇ ਦਾ ਬਣ ਜਾਵੇਗਾ। ਹਸਪਤਾਲ ਦੇ ਇੱਕ ਹੋਰ ਬਲਾਕ ਵਿੱਚ 300 ਹੋਰ ਬਿਸਤਰੇ ਬਣਾਏ ਜਾ ਰਹੇ ਹਨ। ਇਸ ਤਰ੍ਹਾਂ ਐੱਲਐੱਨਜੇਪੀ ਹਸਪਤਾਲ ਅਗਲੇ ਸਾਲਾਂ ਦੇ ਅੰਦਰ 3800 ਬੈੱਡਾਂ ਵਾਲਾ ਹਸਪਤਾਲ ਬਣ ਜਾਵੇਗਾ।