ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜਨਵਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐੱਸਬੀਵੀ ਰੌਜ਼ ਐਵੇਨਿਊ ਸਕੂਲ ਵਿੱਚ ਅਸਲ ਸਮੇਂ ਦੇ ਆਧਾਰ ‘ਤੇ ਪ੍ਰਦੂਸ਼ਣ ਦੇ ਸਰੋਤਾਂ ਦੀ ਪਛਾਣ ਕਰਨ ਲਈ ਸੁਪਰ-ਸਾਈਟ ਅਤੇ ਮੋਬਾਈਲ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਸਾਨੂੰ ਰੀਅਲ ਟਾਈਮ ਸੋਰਸ ਅਪਾਰਟਮੈਂਟ ਸਟੱਡੀ ਤੋਂ ਹਰ ਘੰਟੇ ਪਤਾ ਲੱਗੇਗਾ ਕਿ ਕਿੱਥੇ, ਕਿਸ ਕਾਰਨ ਪ੍ਰਦੂਸ਼ਣ ਹੈ ਅਤੇ ਅਗਲੇ 3 ਦਿਨਾਂ ਲਈ ਪੂਰਵ ਅਨੁਮਾਨ ਵੀ ਘੰਟੇ ਦੇ ਆਧਾਰ ‘ਤੇ ਪਤਾ ਲੱਗੇਗਾ। ਦਿੱਲੀ ਵਿੱਚ ਅੱਜ ਤੋਂ ਪ੍ਰਦੂਸ਼ਣ ਦੇ ਸਰੋਤਾਂ ਦੀ ਅਸਲ ਸਮੇਂ ‘ਤੇ ਪਛਾਣ ਸ਼ੁਰੂ ਹੋ ਗਈ ਹੈ। ਦਿੱਲੀ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਨੂੰ ਕਿਸੇ ਵੀ ਖੇਤਰ ਵਿਚ ਵਾਹਨਾਂ, ਉਦਯੋਗਾਂ ਅਤੇ ਬਾਇਓਮਾਸ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਜਾਣਨ ਵਿਚ ਮਦਦ ਕਰੇਗਾ ਤੇ ਇਸ ਨਾਲ ਲੜਨ ਵਿਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਅਸਲ ਸਮੇਂ ‘ਤੇ ਪ੍ਰਦੂਸ਼ਣ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਦਿੱਲੀ ਵਿਚ ਬਾਹਰੀ ਪ੍ਰਦੂਸ਼ਣ ਇਕ ਤਿਹਾਈ ਹੈ, ਬਾਇਓਮਾਸ ਇਕ-ਚੌਥਾਈ ਹੈ ਅਤੇ ਵਾਹਨ 17-18 ਫੀਸਦੀ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਘਟਾਉਣ ਲਈ ਈਵੀ ਨੀਤੀ ਸ਼ੁਰੂ ਕੀਤੀ, ਹਜ਼ਾਰਾਂ ਨਵੀਆਂ ਈ-ਬੱਸਾਂ ਖਰੀਦੀਆਂ, ਗ੍ਰੀਨ ਕਵਰ ਵਧਾ ਕੇ 23.6 ਫ਼ੀਸਦ ਕੀਤਾ, ਲਾਲ ਬੱਤੀ ‘ਤੇ ਵਾਹਨ ਬੰਦ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਪ੍ਰਦੂਸ਼ਣ ਘਟਾਉਣ ਲਈ ਚੁੱਕੇ ਗਏ ਕਈ ਕਦਮਾਂ ਕਾਰਨ ਪਿਛਲੇ 5 ਸਾਲਾਂ ਦੇ ਮੁਕਾਬਲੇ ਇਸ ਸਾਲ ਦਿੱਲੀ ਵਿੱਚ ਪ੍ਰਦੂਸ਼ਣ ਸਭ ਤੋਂ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਆਈਆਈਟੀ ਕਾਨਪੁਰ, ਆਈਆਈਟੀ ਦਿੱਲੀ ਅਤੇ ‘ਟੀਈਆਰਆਈ’ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ।