ਕੇਵਾਈਐੱਸ ਨੇ ਸਿੰਘੂ ਹੱਦ ’ਤੇ ਮਹਿਲਾ ਕਿਸਾਨ ਦਿਵਸ ਮਨਾਇਆ

ਕੇਵਾਈਐੱਸ ਨੇ ਸਿੰਘੂ ਹੱਦ ’ਤੇ ਮਹਿਲਾ ਕਿਸਾਨ ਦਿਵਸ ਮਨਾਇਆ

ਮਹਿਲਾ ਕਿਸਾਨ ਦਿਵਸ ਵਿੱਚ ਸ਼ਮੂਲੀਅਤ ਕਰਨ ਮੌਕੇ ਕੇਵਾਈਐੱਸ ਦੇ ਕਾਰਕੁਨ।

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 18 ਜਨਵਰੀ

ਕ੍ਰਾਂਤੀਕਾਰੀ ਯੁਵਾ ਸੰਗਠਨ ਵੱਲੋਂ ਮਹਿਲਾ ਕਿਸਾਨ ਦਿਵਸ ਦੇ ਮੌਕੇ ਸਿੰਘੂ ਹੱਦ ’ਤੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਗਿਆ। ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸਾਰੇ ਦੇਸ਼ ਵਿਚ ਅੰਦੋਲਨ ਸ਼ੁਰੂ ਕੀਤੇ ਹਨ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਕਾਰਪੋਰੇਟ ਦੇ ਹਿੱਤ ਲਈ ਕੰਮ ਕਰ ਰਹੀ ਹੈ ਤੇ ਇਨ੍ਹਾਂ ਮੰਗਾਂ ਨੂੰ ਪੂਰਾ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੇਵਾਈਐੱਸ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਾ ਹੈ। ਨਾਲ ਹੀ ਕੇਵਾਈਐੱਸ ਖੇਤੀਬਾੜੀ ਮਜ਼ਦੂਰਾਂ ਨੂੰ ਨਿਰਧਾਰਤ ਰੁਜ਼ਗਾਰ ਸੂਚੀ ਵਿੱਚ ਸ਼ਾਮਲ ਕਰਨ ਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਘੱਟੋ-ਘੱਟ ਤਨਖਾਹ ਯਕੀਨੀ ਬਣਾਉਣ ਦੀ ਮੰਗ ਕਰਦਾ ਹੈ। ਕੇਵਾਈਐਸ ਨੇ ਲੋਕ ਵਿਰੋਧੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨ ਦਾ ਸੰਕਲਪ ਲਿਆ।

ਆਗੂਆਂ ਮੁਤਾਬਕ ਲੋਕ ਕਰਜ਼ੇ ਦੇ ਦਬਾਅ ਹੇਠ ਹਨ।  ਕਾਰਕੁੰਨਾਂ ਮੁਤਾਬਕ ਮਹਿਲਾ ਤੇ ਬੱਚਿਆਂ ਵਿਚ ਕੁਪੋਸ਼ਣ ਵੱਧ ਰਿਹਾ ਹੈ ਜੋ ਕਿ ਤਾਲਾਬੰਦੀ ਦੇ ਅਰਸੇ ਦੌਰਾਨ ਹੋਰ ਵਧਿਆ ਹੈ। ਉਹ ਭੋਜਨ ਤੇ ਇਲਾਜ ਤੋਂ ਵਾਂਝੇ ਹਨ। ਜ਼ਰੂਰੀ ਵਸਤੂਆਂ (ਸੋਧ) ਐਕਟ ਤੇ ਇਕਰਾਰਨਾਮੇ ਦੀ ਖੇਤੀ ਅਤੇ ਖੇਤੀਬਾੜੀ ਦੇ ਕਾਰਪੋਰੇਟਾਈਜ਼ੇਸ਼ਨ ਨਾਲ, ਇਹ ਸਾਰੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵਧਣਗੀਆਂ। ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਲਈ ਛੋਟੇ-ਸੀਮਾਂਤ ਕਿਸਾਨਾਂ ਦੇ ਸਵਾਲ ਦੀ ਵਰਤੋਂ ਕੀਤੀ ਹੈ। ਇਕਰਾਰਨਾਮੇ ਦੀ ਖੇਤੀ ਦੀ ਵਿਵਸਥਾ ਛੋਟੇ ਸੀਮਾਂਤ ਕਿਸਾਨਾਂ ਨੂੰ ਭੂਮੀਹੀਣਤਾ ਵੱਲ ਧੱਕੇਗੀ, ਜਿਸਦਾ ਸਿੱਧਾ ਅਸਰ ਖੇਤਰੀਆਂ ’ਤੇ ਕੰਮ ਕਰਨ ਵਾਲੀਆਂ ਔਰਤਾਂ ਅਤੇ ਉਨ੍ਹਾਂ ਦੀ ਆਮਦਨੀ ਦਾ ਇਕਮਾਤਰ ਸਰੋਤ ਹੈ।

ਉਨ੍ਹਾਂ ਮੰਗ ਕੀਤੀ ਕਿ ਛੋਟੇ-ਸੀਮਾਂਤ ਕਿਸਾਨਾਂ ਦੇ ਹਿੱਤ ਵਿੱਚ, ਸਰਕਾਰ ਨੂੰ ਟਰਾਂਸਪੋਰਟ ਅਤੇ ਸਟੋਰੇਜ ਸਹੂਲਤਾਂ ਦੀ ਘਾਟ ਕਾਰਨ ਪ੍ਰੇਸ਼ਾਨੀ ਦੀ ਵਿਕਰੀ ਦੀ ਮੌਜੂਦਾ ਸਮੱਸਿਆ ਦਾ ਮੁਕਾਬਲਾ ਕਰਨ ਲਈ ਇਕੱਲੇ ਖਰੀਦਦਾਰ ਵਜੋਂ ਕਿਸਾਨਾਂ ਤੋਂ ਲਾਜ਼ਮੀ ਖਰੀਦ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਜੋ ਛੋਟੇ-ਸੀਮਾਂਤ ਕਿਸਾਨਾਂ ਨੂੰ ਵਾਜਬ ਭਾਅ ਮਿਲ ਸਕਣ। 

ਦਿੱਲੀ ਕਮੇਟੀ ਨੇ ਕਿਸਾਨਾਂ ਨਾਲ ਰਲ ਕੇ ਔਰਤ ਦਿਵਸ ਮਨਾਇਆ

ਨਵੀਂ ਦਿੱਲੀ: ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸਿੰਘੂ ਬਾਰਡਰ ’ਤੇ ਪਹੁੰਚ ਕੇ ਕਿਸਾਨਾਂ ਨਾਲ ਔਰਤ ਕਿਸਾਨ ਦਿਵਸ ਮਨਾਇਆ। ਔਰਤ ਕਿਸਾਨ ਦਿਵਸ ਮਨਾਉਣ ਦਾ ਸੱਦਾ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਦਿੱਤਾ ਸੀ। ਇਸ ਮੌਕੇ ਸ੍ਰੀ ਸਿਰਸਾ ਨੇ ਆਖਿਆ ਕਿ ਬੀਬੀਆਂ ਦੇ ਜੋਸ਼ ਨੇ ਸਾਡੇ ਸੰਘਰਸ਼ ਦੇ ਹੌਂਸਲਿਆਂ ਨੂੰ ਨਵੀਂ ਪਰਵਾਜ਼ ਦਿੱਤੀ ਹੈ। ਉਹਨਾਂ ਕਿਹਾ ਕਿ ਜਦੋਂ ਔਰਤ ਵੀ ਸੰਘਰਸ਼ ਦਾ ਹਿੱਸਾ ਬਣ ਜਾਂਦੀ ਹੈ ਤਾਂ ਉਸ ਸੰਘਰਸ਼ ਦੀ ਸਫ਼ਲਤਾ ਯਕੀਨੀ ਬਣ ਜਾਂਦੀ ਹੈ। ਇਸ ਸੰਘਰਸ਼ ਵਿੱਚ ਤਾਂ ਹਰ ਉਮਰ ਦੀਆਂ ਬੀਬੀਆਂ, ਧੀਆਂ, ਬੱਚੀਆਂ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਇਸ ਸੰਘਰਸ਼ ਵਿਚ ਜਿਥੇ ਸਾਡੇ ਬਜ਼ੁਰਗ ਸਾਡੇ ਰਾਹ ਦਸੇਰੇ ਹਨ, ਉੱਥੇ ਹੀ ਨੌਜਵਾਨ ਸਾਡੀ ਸ਼ਕਤੀ ਹਨ ਤੇ ਬੱਚੇ ਸਾਡਾ ਭਵਿੱਖ ਹਨ ਜੋ ਇਸ ਅੰਦੋਲਨ ਤੋਂ ਜੀਵਨ ਜਾਚ ਸਿੱਖ ਰਹੇ ਹਨ। ਸ੍ਰੀ ਸਿਰਸਾ ਨੇ ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕਿਸਾਨਾਂ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਵੀ ਕੀਤੀ। ਕਮੇਟੀ ਵੱਲੋਂ ਕਿਸਾਨਾਂ ਲਈ ਵਾਟਰ ਪਰੂਫ ਟੈਂਟ, ਲੰਗਰ, ਮੋਬਾਈਲ ਰੈਣ ਬਸੇਰੇ, ਮੈਡੀਕਲ ਟੀਮਾਂ, ਐਂਬੂਲੈਂਸਾਂ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਮਰਜ਼ੀ ਇਹ ਸੰਘਰਸ਼ ਚੱਲੇ, ਕਿਸਾਨਾਂ ਦੀ ਹਰ ਜ਼ਰੂਰਤ ਦਾ ਖਿਆਲ ਦਿੱਲੀ ਗੁਰਦੁਆਰਾ ਕਮੇਟੀ ਰੱਖੇਗੀ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਉਹਨਾਂ ਦੇ ਸਮਰਥਨ ਵਿਚ ਖੜ੍ਹੇ ਹਾਂ ਤੇ ਹਮੇਸ਼ਾ ਡਟੇ ਰਹਾਂਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All