ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਨਵੰਬਰ
ਹਰਿਆਣਾ ’ਚ ਬਹਾਦਰਗੜ੍ਹ ਰੋਡ ਉਪਰ ਟਿਕਰੀ ਸਰਹੱਦ ’ਤੇ ਪਿਛਲੇ ਤਿੰਨ ਦਿਨਾਂ ਤੋਂ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ ਹੈ। ਹਜ਼ਾਰਾਂ ਟਰੈਕਟਰ-ਟਰਾਲੀਆਂ ਅਤੇ ਰਾਸ਼ਨ ਸਮੇਤ ਲੱਖਾਂ ਕਿਸਾਨ ਇਥੇ ਪਹੁੰਚ ਚੁੱਕੇ ਹਨ। ਇਕ ਤਰ੍ਹਾਂ ਨਾਲ ਦਿੱਲੀ ਦੀ ਚਾਰ-ਚੁਫੇਰਿਉਂ ਘੇਰਾਬੰਦੀ ਹੋ ਚੁੱਕੀ ਹੈ। ਕਿਸਾਨ ਮੋਰਚੇ ਨੂੰ ਦਿੱਲੀ ਅਤੇ ਹਰਿਆਣਾ ਦੇ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇੰਡਸਟਰੀ, ਆਮ ਦੁਕਾਨਦਾਰਾਂ, ਵੱਡੇ ਹਸਪਤਾਲਾਂ, ਹੋਟਲਾਂ ਪੈਟਰੋਲ ਪੰਪਾਂ ਆਦਿ ਵੱਲੋਂ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੋਰਚੇ ਵਿਚ ਪਹੁੰਚੀਆਂ ਕਿਸਾਨ ਬੀਬੀਆਂ ਲਈ ਪਖਾਨੇ ਵਗੈਰਾ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕਾਂ ਵਲੋਂ ਸਬਜ਼ੀਆਂ, ਫਲ, ਦੁੱਧ, ਰਾਸ਼ਨ ਅਤੇ ਠੰਢ ਤੋਂ ਬਚਣ ਲਈ ਗਰਮ ਕੰਬਲ ਅਤੇ ਗੱਦੇ ਵੰਡੇ ਜਾ ਰਹੇ ਹਨ। ਸੁਰਜੀਤ ਸਿੰਘ ਰਾਮਗੜ੍ਹ, ਹਰਪਾਲ ਸਿੰਘ ਔਲਖ (ਸ਼ੇਖਦੌਲਤ), ਕਾਕਾ ਭੁਮਾਲ, ਰਾਮ ਸ਼ਰਨ ਜੰਡੀ, ਪਾਲਾ ਸਿੰਘ ਮਲਸੀਹਾ, ਹਰਿੰਦਰ ਸਿੰਘ ਨੂਰਪੁਰਾ ਅਤੇ ਸਿਧਵਾਂ ਬੇਟ ਇਲਾਕੇ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਇਥੇ ਪੁੱਜੇ ਹੋਏ ਹਨ। ਸਰਹੱਦ ਉਪਰ ਕਰੀਬ ਛੇ ਕਿਲੋਮੀਟਰ ਤੱਕ ਟਰਾਲੀਆਂ ਦਾ ਇਕੱਠ ਨਜ਼ਰ ਆ ਰਿਹਾ ਹੈ। ਇਸ ਮੌਕੇ ਬਲਦੇਵ ਸਿੰਘ ਸਦੋਹਾ, ਗੁਰਨਾਮ ਸਿੰਘ ਭਿੱਖੀ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਦਿ ਆਗੂ ਅਤੇ ਹੋਰ ਜਥੇਬੰਦੀਆਂ ਹਾਜ਼ਰ ਸਨ।