ਨਵੀਂ ਦਿੱਲੀ, 26 ਸਤੰਬਰ
ਉੱਤਰ-ਪੂਰਬੀ ਦਿੱਲੀ ਦੇ ਕਰਾਵਲ ਨਗਰ ਖੇਤਰ ਵਿੱਚ ਦੋ ਜਣਿਆਂ ਨੇ ਆਪਣੇ ਦੋਸਤ ਨੂੰ ਉਸ ਦੇ ਪਰਿਵਾਰ ਤੋਂ ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਕਥਿਤ ਤੌਰ ’ਤ ਅਗਵਾ ਕੀਤਾ ਤੇ ਉਸ ਦੀ ਹੱਤਿਆ ਕਰ ਦਿੱਤੀ। ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ 19 ਸਤੰਬਰ ਨੂੰ ਨਿਤਿਨ (22) ਦੀ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਤੇ ਅਗਲੀ ਸਵੇਰ ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਇੱਕ ਮੁਲਜ਼ਮ ਸਚਿਨ ਕੁਮਾਰ ਸ਼ਰਮਾ (24) ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੂਜੇ ਮੁਲਜ਼ਮ ਅਰੁਣ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਚਿਨ ਤੇ ਨਿਤਿਨ ਦੋਵੇਂ ਨਵੀਂ ਦਿੱਲੀ ਦੇ ਕਰਾਵਲ ਨਗਰ ਦੇ ਜੋਹਰੀਪੁਰ ਦੇ ਰਹਿਣ ਵਾਲੇ ਹਨ। ਨਿਤਿਨ ਸ਼ਾਹਦਰਾ ’ਚ ਇੱਕ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ। ਮ੍ਰਿਤਕ ਦੀ ਭੈਣ ਗੀਤਾ ਚੌਧਰੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ 19 ਸਤੰਬਰ ਨੂੰ ਨਿਤਿਨ ਸ਼ਾਮ 5.30 ਵਜੇ ਦੇ ਕਰੀਬ ਘਰੋਂ ਨਿਕਲਿਆ ਸੀ। ਅਗਲੇ ਦਿਨ ਸਵੇਰੇ 10.23 ਵਜੇ ਦੇ ਕਰੀਬ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੇ ਭਰਾ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਦੋ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਡਿਪਟੀ ਕਮਿਸ਼ਨਰ (ਉੱਤਰ ਪੂਰਬ) ਜੋਏ ਟਿਰਕੀ ਨੇ ਕਿਹਾ ਕਿ ਕਾਲ ਡਿਟੇਲ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਤਕਨੀਕੀ ਨਿਗਰਾਨੀ ਤੋਂ ਬਾਅਦ ਸਚਿਨ ਨੂੰ ਰਾਜਸਥਾਨ ਦੇ ਗੰਗਾਨਗਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਸਚਿਨ ਨਿਤਿਨ ਨੂੰ 2018 ਤੋਂ ਜਾਣਦਾ ਸੀ। ਡੀਸੀਪੀ ਨੇ ਦੱਸਿਆ ਕਿ ਸਚਿਨ ਦੀ ਇੱਕ ਪਤਨੀ ਤੇ ਦੋ ਮਹੀਨੇ ਦੀ ਧੀ ਹੈ। ਉਸ ਦੀ ਧੀ ਦੇ ਜਨਮ ਤੋਂ ਬਾਅਦ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਸਚਿਨ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਅਰੁਣ ਨਾਲ ਹੋਈ ਸੀ। ਸ੍ਰੀ ਟਿਰਕੀ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ ਸਚਿਨ ਤੇ ਅਰੁਣ ਨੇ ਨਿਤਿਨ ਨੂੰ ਅਗਵਾ ਕਰਨ ਤੇ ਉਸ ਦੇ ਪਰਿਵਾਰ ਤੋਂ 2 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਦੀ ਯੋਜਨਾ ਬਣਾਈ ਸੀ। -ਪੀਟੀਆਈ