ਗਾਜ਼ੀਪੁਰ ਬਾਰਡਰ ’ਤੇ ਖਾਪ ਪੰਚਾਇਤਾਂ ਨੇ ਮਘਾਇਆ ਅੰਦੋਲਨ

ਗਣਤੰਤਰ ਦਿਵਸ ਮੌਕੇ ਕੇਸਰੀ, ਚਿੱਟੇ ਤੇ ਹਰੇ ਰੰਗ ਦੇ ਟਰੈਕਟਰ ਕਰਨਗੇ ਮਾਰਚ ਦੀ ਅਗਵਾਈ

ਗਾਜ਼ੀਪੁਰ ਬਾਰਡਰ ’ਤੇ ਖਾਪ ਪੰਚਾਇਤਾਂ ਨੇ ਮਘਾਇਆ ਅੰਦੋਲਨ

ਗਾਜ਼ੀਪੁਰ ਬਾਰਡਰ ’ਤੇ ਖਾਪ ਪੰਚਾਇਤ ਦੇ ਟੈਂਟ ਵਿੱਚ ਚੱਲ ਰਹੀ ਚਰਚਾ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 15 ਜਨਵਰੀ

ਦਿੱਲੀ-ਗਾਜ਼ੀਆਬਾਦ ਮਾਰਗ ਉਪਰ ਗਾਜ਼ੀਪੁਰ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਉੱਤਰ ਪ੍ਰਦੇਸ਼ ਦੀਆਂ ਖਾਪ ਪੰਚਾਇਤਾਂ ਨੇ ਮਘਾਇਆ ਹੋਇਆ ਹੈ। ਬਾਗਪਤ, ਸ਼ਾਮਲੀ, ਗਾਜ਼ੀਆਬਾਦ, ਮੇਰਠ ਅਤੇ ਮੁਜ਼ੱਫ਼ਰਨਗਰ ਆਦਿ ਜਾਟਾਂ ਵਾਲੇ ਇਲਾਕਿਆਂ ਵਿੱਚ ਖਾਪ ਪੰਚਾਇਤਾਂ ਦਾ ਆਪਣਾ ਜ਼ੋਰ ਰਿਹਾ ਹੈ। ਇਹ ਖਾਪਾਂ ਗੋਤਾਂ ਅਨੁਸਾਰ ਕਾਰਜਸ਼ੀਲ ਹਨ। ਗਾਜ਼ੀਪੁਰ ਬਾਰਡਰ ’ਤੇ ਵੀ ਕਈ ਖਾਪਾਂ ਨੇ ਆਪਣੀਆਂ ਟਰਾਲੀਆਂ ਲਿਆ ਕੇ ਟੈਂਟ ਗੱਡੇ ਹੋਏ ਹਨ। ਦੇਸ਼ਵਾਲ ਖਾਪ ਦੇ ਟੈਂਟ ਵਿੱਚ ਬੈਠੇ ਰੌਬਿਨ ਨਾਂ ਦੇ ਨੌਜਵਾਨ ਨੇ ਕਿਹਾ ਕਿ ਇਸ ਅੰਦੋਲਨ ਦੀ ਅਸਲੀਅਤ ’ਚ ਪੰਜਾਬ ਦੇ ਕਿਸਾਨਾਂ ਨੇ ਅਗਵਾਈ ਕੀਤੀ ਹੈ ਅਤੇ ਹੁਣ ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਕਿਸਾਨ ਉਨ੍ਹਾਂ ਨਾਲ ਮਿਲ ਕੇ ਮੋਰਚੇ ਨੂੰ ਅੰਜਾਮ ਤੱਕ ਪਹੁੰਚਾਉਣਗੇ। ਕਿਸਾਨਾਂ ਨੇ ਮੋਦੀ ਸਰਕਾਰ ਦੇ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਉਨ੍ਹਾਂ ਨੂੰ ਰੱਦ ਕਰਵਾਏ ਜਾਣ ਤੱਕ ਅੰਦੋਲਨ ਭਖਾਈ ਰੱਖਣ ਦਾ ਅਹਿਦ ਲਿਆ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਮੰਚ ਤੋਂ ਕਿਸਾਨਾਂ ਨੂੰ ਦੱਸਿਆ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਅਗਲੀ ਕਤਾਰ ਵਿੱਚ ਤਿੰਰਗੇ ਝੰਡੇ ਦੇ ਰੰਗ ਵਾਲੇ ਕੇਸਰੀ, ਚਿੱਟੇ ਤੇ ਹਰੇ ਰੰਗ ਦੇ ਟਰੈਕਟਰ ਸ਼ਾਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਵੀ ਹਜ਼ਾਰਾਂ ਟਰੈਕਟਰ ਉਸ ਦਿਨ ਮਾਰਚ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਮਾਰਚ ਸ਼ਾਂਤਮਈ ਢੰਗ ਨਾਲ ਕੱਢਿਆ ਜਾਵੇ ਤਾਂ ਜੋ ਅਦਾਲਤਾਂ ਜਾਂ ਸਰਕਾਰ ਨੂੰ ਕੋਈ ਬਹਾਨਾ ਨਾ ਮਿਲ ਸਕੇ ਕਿਉਂਕਿ ਸ਼ਾਂਤਮਈ ਅੰਦੋਲਨ ਹੀ ਸਫ਼ਲ ਹੁੰਦੇ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All