ਕੇਜਰੀਵਾਲ ਨੇ ਸਿਵਲ ਲਾਈਨ ’ਚ ਪਰਿਵਾਰ ਸਮੇਤ ਵੋਟ ਪਾਈ : The Tribune India

ਕੇਜਰੀਵਾਲ ਨੇ ਸਿਵਲ ਲਾਈਨ ’ਚ ਪਰਿਵਾਰ ਸਮੇਤ ਵੋਟ ਪਾਈ

ਐੱਮਸੀਡੀ ਚੋਣਾਂ ’ਚ ਵੋਟਰਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਦਿਖਾਇਆ ਉਤਸ਼ਾਹ

ਕੇਜਰੀਵਾਲ ਨੇ ਸਿਵਲ ਲਾਈਨ ’ਚ ਪਰਿਵਾਰ ਸਮੇਤ ਵੋਟ ਪਾਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿਵਲ ਲਾਈਨ ਸਥਿਤ ਪੋਲਿੰਗ ਬੂਥ ’ਤੇ ਵੋਟ ਪਾਉਣ ਤੋਂ ਬਾਅਦ ਆਪੋ- ਆਪਣੀਆਂ ਉਂਗਲਾਂ ’ਤੇ ਲੱਗੀ ਸਿਆਹੀ ਦੇ ਨਿਸ਼ਾਨ ਦਿਖਾਉਂਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 4 ਦਸੰਬਰ 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਦਿੱਲੀ ਨਗਰ ਨਿਗਮ ਵਿੱਚ ਇੱਕ ਇਮਾਨਦਾਰ ਅਤੇ ਕੰਮ ਕਰਨ ਵਾਲੀ ਸਰਕਾਰ ਬਣਾਉਣ ਲਈ ਵੋਟ ਪਾਉਣ ਦੀ ਅਪੀਲ ਕੀਤੀ ਗਈ।  ਨਗਰ ਨਿਗਮ ਵਿੱਚ ਇਮਾਨਦਾਰ ਸਰਕਾਰ ਬਣਾਉਣ ਲਈ ਅੱਜ ਪੂਰੇ ਪਰਿਵਾਰ ਨਾਲ ਵੋਟ ਪਾਉਣ ਸਮੇਂ ਮਿਲ ਕੇ ਉਨ੍ਹਾਂ ਦਿੱਲੀ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣਦਾ ਵਾਅਦਾ ਮੁੜ ਦੁਹਰਾਇਆ।  ਕੇਜਰੀਵਾਲ ਨੇ ਕਿਹਾ ਕਿ ਕੰਮ ਕਰਨ ਵਾਲਿਆਂ ਨੂੰ ਵੋਟਾਂ ਪਾਉ।

ਉਨ੍ਹਾਂ ਕਿਹਾ ਕਿ ਚਾਰੇ ਪਾਸੇ ਸਿਰਫ ਕੂੜਾ ਹੀ ਹੈ, ਤੁਹਾਡੇ ਕੋਲ ਦਿੱਲੀ ਨੂੰ ਸਾਫ ਕਰਨ ਦਾ ਇਹ ਮੌਕਾ ਹੈ, ਕੰਮ ਕਰਨ ਵਾਲਿਆਂ ਨੂੰ ਵੋਟ ਦਿਓ, ਕੰਮ ਬੰਦ ਕਰਨ ਵਾਲਿਆਂ ਨੂੰ ਵੋਟ ਨਾ ਦਿਓ। ਉਨ੍ਹਾਂ ਕਿਹਾ ਕਿ ਕਿਰਾਏਦਾਰਾਂ ਦੇ ਪੈਸੇ ਮੰਗਣ ਵਾਲਿਆਂ ਨੂੰ ਵੋਟ ਨਾ ਦਿਓ, ਉਨ੍ਹਾਂ ਨੂੰ ਵੋਟ ਦਿਓ ਜੋ ਦਿੱਲੀ ਨੂੰ ਚਮਕਦਾਰ ਅਤੇ ਸਾਫ ਸੁਥਰਾ ਬਣਾਉਣਗੇ। ਮੁੱਖ ਮੰਤਰੀ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਸਿਵਲ ਲਾਈਨ ਸਥਿਤ ਟਰਾਂਸਪੋਰਟ ਵਿਭਾਗ ਦੀ ਇਮਾਰਤ ਵਿੱਚ ਪੋਲਿੰਗ ਸਟੇਸ਼ਨ ਗਏ ਅਤੇ ਆਪਣੀ ਵੋਟ ਪਾਈ।  ਇਸ ਦੌਰਾਨ ਅੱਜ ਐੱਮਸੀਡੀ ਚੋਣਾਂ ਦੌਰਾਨ ਕਈ ਬੱਚਿਆਂ ਨੇ ਵੀ ਚੋਣਾਂ ਵਿੱਚ ਦਿਲਚਸਪੀ ਦਿਖਾਈ। ਉਹ ਐਤਵਾਰ ਨੂੰ ਆਪਣੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਪੋਲਿੰਗ ਬੂਥਾਂ ’ਤੇ ਉਤਸ਼ਾਹ ਨਾਲ ਗਏ। ਕਈ ਪੋਲਿੰਗ ਬੂਥਾਂ ’ਤੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ, ਜਿਸ ਵਿੱਚ ਕ੍ਰੈੱਚ ਸਹੂਲਤ, ਝੂਲੇ ਅਤੇ ਸਜਾਏ ਗਏ ਸੈਲਫੀ ਕਿਓਸਿਕ ਸ਼ਾਮਲ ਸਨ। 4ਵੀਂ ਜਮਾਤ ਦਾ ਵਿਦਿਆਰਥੀ ਨਮਨ ਆਪਣੇ ਨਾਨੇ ਨਾਲ ਪੂਸਾ ਇੰਸਟੀਚਿਊਟ ਦੇ ਪੋਲਿੰਗ ਬੂਥ ’ਤੇ ਗਿਆ ਸੀ। ਉਸ ਨੇ ਕਿਹਾ ‘‘ਇਹ ਉਹ ਸਕੂਲ ਹੈ ਜਿੱਥੇ ਮੈਂ ਵੀ ਪੜ੍ਹਦਾ ਹਾਂ। ਇਹ ਪਹਿਲੀ ਵਾਰ ਹੈ ਜਦੋਂ ਮੈਂ ਬੂਥ ’ਤੇ ਆ ਰਿਹਾ ਹਾਂ ਅਤੇ ਇਹ ਰੋਮਾਂਚਕ ਹੈ। ਮੇਰੇ ਸਕੂਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ।’’ ਉਸ ਦਾ ਸਕੂਲ ਚੋਣਾਂ ਲਈ 68 ਮਾਡਲ ਬੂਥਾਂ ਵਿੱਚੋਂ ਇੱਕ ਸੀ। ਲਾਜਪਤ ਨਗਰ ਦੀ ਰਹਿਣ ਵਾਲੀ ਊਸ਼ਾ ਗੁਪਤਾ (67) ਵੀ ਆਪਣੀ ਪੋਤੀ ਨੂੰ ਪੋਲਿੰਗ ਬੂਥ ’ਤੇ ਲੈ ਗਈ। ਉਸ ਨੇ ਕਿਹਾ, ‘‘ਮੇਰੀ ਪੋਤੀ ਸਾਡੇ ਇਲਾਕੇ ਦੀਆਂ ਖਰਾਬ ਸੜਕਾਂ, ਗੰਦਗੀ ਅਤੇ ਕੂੜੇ ਦੇ ਢੇਰ ਬਾਰੇ ਸ਼ਿਕਾਇਤਾਂ ਕਰਦੀ ਰਹਿੰਦੀ ਹੈ। ਮੈਂ ਉਸ ਨੂੰ ਦੱਸਦੀ ਰਹਿੰਦੀ ਹਾਂ ਕਿ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨਾ ਸਿਵਲ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਅੱਜ ਮੈਂ ਉਸ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਵੀ ਦੱਸਿਆ।’’ ਉਸਦੀ ਪੋਤੀ, ਪ੍ਰਗੁਣ ਗੁਪਤਾ ਨੇ ਕਿਹਾ, ‘‘ਉਹ ਇਹ ਦੇਖਣ ਲਈ ਉਤਸ਼ਾਹਿਤ ਸੀ ਕਿ ਇਹ ਵੋਟਿੰਗ ਪ੍ਰਕਿਰਿਆ ਕਿਵੇਂ ਹੁੰਦੀ ਹੈ। ਮੈਂ ਸਿਰਫ ਇਸ ਬਾਰੇ ਸੁਣਿਆ ਸੀ ਪਰ ਅੱਜ ਮੈਂ ਦੇਖਿਆ ਕਿ ਮੇਰੀ ਦਾਦੀ ਨੇ ਆਪਣੀ ਵੋਟ ਕਿਵੇਂ    ਪਾਈ ਸੀ। ਹੁਣ ਘੱਟੋ-ਘੱਟ ਸਾਡੀਆਂ ਸੜਕਾਂ ਠੀਕ ਹੋਣਗੀਆਂ ਅਤੇ ਕੂੜਾ ਨਹੀਂ ਹੋਵੇਗਾ।’’

  ਮਾਲਵੀਆ ਨਗਰ ਦੇ ਇਕ ਪੋਲਿੰਗ ਬੂਥ ’ਤੇ ਆਪਣੀ ਪਤਨੀ ਅਤੇ ਪੰਜ ਸਾਲ ਦੇ ਬੇਟੇ ਨਾਲ ਆਏ ਹਰਸ਼ਿਤ (38) ਨੇ ਕਿਹਾ, ‘‘ਮੇਰਾ ਬੇਟਾ ਇਹ ਨਹੀਂ ਸਮਝਦਾ ਕਿ ਚੋਣ ਅਤੇ ਵੋਟਿੰਗ ਪ੍ਰਕਿਰਿਆ ਅਸਲ ਵਿਚ ਕੀ ਹੁੰਦੀ ਹੈ, ਪਰ ਜਦੋਂ ਤੋਂ ਅਸੀਂ ਬਹੁਤ ਕੁਝ ਕਰ ਰਹੇ ਹਾਂ। ਘਰ ਵਿੱਚ ਸਿਆਸੀ ਵਿਚਾਰ-ਵਟਾਂਦਰੇ ਕਰਕੇ ਉਹ ਇਸ ਪ੍ਰਕਿਰਿਆ ਨੂੰ ਲੈ ਕੇ ਉਤਸੁਕ ਹੋ ਗਿਆ ਹੈ। ਐੱਮਸੀਡੀ ਦੇ 250 ਵਾਰਡਾਂ ਦੀਆਂ ਚੋਣਾਂ ਵਿੱਚ 1.45 ਕਰੋੜ ਤੋਂ ਵੱਧ ਵੋਟਰ ਆਪਣੀ  ਵੋਟ ਦਾ ਇਸਤੇਮਾਲ    ਕਰਨ ਦੇ ਯੋਗ ਹਨ। -ਪੀਟੀਆਈ

ਬਵਾਨਾ ਦੇ ਵਸਨੀਕਾਂ ਵੱਲੋਂ ਚੋਣਾਂ ਦਾ ਬਾਈਕਾਟ

ਨਵੀਂ ਦਿੱਲੀ: ਬਵਾਨਾ ਦੇ ਕਾਟੇਵਾੜਾ ਪਿੰਡ ਦੇ ਲੋਕਾਂ ਨੇ ਨਗਰ ਨਿਗਮ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦਿਆਂ ਹੋਏ ਚੋਣਾਂ ਦਾ ਬਾਈਕਾਟ ਕੀਤਾ। ਪੂਰੇ ਪਿੰਡ ਨੇ ਸਰਬਸੰਮਤੀ ਨਾਲ ਚੋਣਾਂ ਦੇ ਬਾਈਕਾਟ ਕਰਨ ਦਾ ਫੈਸਲਾ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਨਾਲ-ਨਾਲ ਦਿੱਲੀ ਸਰਕਾਰ ਨੇ ਹਮੇਸ਼ਾ ਇੱਥੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ, ਇਸ ਲਈ ਅਸੀਂ ਆਪਣੀਆਂ ਵੋਟਾਂ ਕਿਉਂ ਪਾਈਏ। ਪਿੰਡ ਦੇ ਵਸਨੀਕ ਕ੍ਰਿਸ਼ਨ ਵਤਸ ਨੇ ਦੱਸਿਆ ਬਵਾਨਾ ਵਿਧਾਨ ਸਭਾ ਹਲਕੇ ਦੇ ਨੰਗਲ ਠਾਕਰਾਂ ਵਾਰਡ ਦੇ ਪੋਲਿੰਗ ਬੂਥਾਂ ’ਤੇ ਕੋਈ ਵੀ ਵੋਟ ਪਾਉਣ ਨਹੀਂ ਆਇਆ। ਵਟਸ ਨੇ ਦੱਸਿਆ ਕਿ ਮੁੱਖ ਸੜਕਾਂ ਟੁੱਟੀਆਂ ਹੋਈਆਂ ਹਨ, ਨਾਲੀਆਂ ਬੰਦ ਹਨ ਅਤੇ ਐਮਸੀਡੀ ਸਕੂਲ ਇੱਥੇ ਤਰਸਯੋਗ ਹਾਲਤ ਵਿੱਚ ਹਨ।” ਇੱਕ ਹੋਰ ਵਸਨੀਕ ਰੋਹਿਤ ਕੌਸ਼ਿਕ ਨੇ ਦਾਅਵਾ ਕੀਤਾ ਕਿ ਪਿੰਡ ਨੂੰ ਜਾਣ ਵਾਲੀਆਂ ਤਿੰਨ ਸੜਕਾਂ ਪੂਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ, ਜਿਸ ਕਾਰਨ ਇਲਾਕੇ ਵਿੱਚ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਕੌਸ਼ਿਕ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ 200 ਤੋਂ 250 ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।  ਕਟੇਵਾੜਾ ਪਿੰਡ ਦੇ ਵਾਰਡ 30 ਤੋਂ ਇੱਕ ਕਥਿਤ ਵੀਡੀਓ ਵੀ ਸਾਹਮਣੇ ਆਈ, ਜਿਸ ਵਿੱਚ ਇਲਾਕੇ ਦੇ ਵਸਨੀਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹੋਏ ਦਿਖਾਇਆ ਗਿਆ ਹੈ, ਹਾਲਾਂਕਿ ਕੋਈ ਵੀ ਪੋਲਿੰਗ ਬੂਥਾਂ ’ਤੇ ਨਹੀਂ ਆਇਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All