ਕੇਜਰੀਵਾਲ ਵੱਲੋਂ ਰਾਹਤ ਦਾ ਐਲਾਨ

72 ਲੱਖ ਰਾਸ਼ਨ ਕਾਰਡਧਾਰਕਾਂ ਨੂੰ ਦੋ ਮਹੀਨਿਆਂ ਲਈ ਮੁਫ਼ਤ ਰਾਸ਼ਨ ਦੇਵੇਗੀ ਸਰਕਾਰ

ਕੇਜਰੀਵਾਲ ਵੱਲੋਂ ਰਾਹਤ ਦਾ ਐਲਾਨ

ਡਿਜੀਟਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ।

ਮਨਧੀਰ ਸਿੰਘ ਦਿਓਲ 

ਨਵੀਂ ਦਿੱਲੀ, 4 ਮਈ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਵਿੱਤੀ ਸੰਕਟ ਨਾਲ ਜੂਝ ਰਹੇ ਗਰੀਬ ਪਰਿਵਾਰਾਂ ਤੇ ਆਟੋ-ਟੈਕਸੀ ਚਾਲਕਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਦੋ ਮਹੀਨਿਆਂ ਲਈ ਮੁਫ਼ਤ ਰਾਸ਼ਨ ਦੇਵੇਗੀ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਵਿੱਚ ਰਜਿਸਟਰਡ 1.56 ਲੱਖ ਆਟੋ-ਟੈਕਸੀ ਚਾਲਕਾਂ ਨੂੰ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਦੋ ਮਹੀਨਿਆਂ ਲਈ ਮੁਫਤ ਰਾਸ਼ਨ ਦੇਣ ਦਾ ਇਹ ਮਤਲਬ ਨਹੀਂ ਕਿ ਦਿੱਲੀ ਵਿਚ ਤਾਲਾਬੰਦੀ ਵੀ ਦੋ ਮਹੀਨਿਆਂ ਤਕ ਚੱਲੇਗੀ। 

ਉਨ੍ਹਾਂ ਕਿਹਾ, ‘‘ਇਹ ਸਮਾਂ ਇਕ ਦੂਜੇ ਦੀ ਮਦਦ ਕਰਨ ਤੇ ਇਕ ਚੰਗੇ ਵਿਅਕਤੀ ਬਣਨ ਦਾ ਹੈ। ਮੈਂ ਅਪੀਲ ਕਰਦਾ ਹਾਂ ਕਿ ਸਾਰੇ ਧਿਰ ਅਤੇ ਜਾਤੀ-ਧਰਮ ਦੇ ਲੋਕ ਇਕ-ਦੂਜੇ ਦੀ ਮਦਦ ਕਰਨ, ਅਸੀਂ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ, ਆਕਸੀਜਨ ਤੇ ਬਿਸਤਰੇ ਲੈਣ, ਬਿਮਾਰ ਅਤੇ ਗਰੀਬ ਲੋਕਾਂ ਨੂੰ ਖੁਆਉਣ ਵਿੱਚ ਸਹਾਇਤਾ ਕਰ ਸਕਦੇ ਹਾਂ। ਮੈਂ ਪੂਰੀ ਉਮੀਦ ਕਰਦਾ ਹਾਂ ਕਿ ਜੇ ਅਸੀਂ ਸਾਰੇ ਮਿਲ ਕੇ ਲੜਾਂਗੇ, ਤਾਂ ਅਸੀਂ ਬਹੁਤ ਜਲਦੀ ਕਰੋਨਾ ਤੋਂ ਜਿੱਤ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ।’’

ਕੇਜਰੀਵਾਲ ਨੇ ਅੱਜ ਇੱਕ ਡਿਜੀਟਲ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਕਰੋਨਾ ਨਾਲ ਨਜਿੱਠਣ ਲਈ ਦਿੱਲੀ ਵਿੱਚ ਲੌਕਡਾਊਨ ਲਗਾ ਦਿੱਤਾ ਹੈ। ਕਰੋਨਾ ਕੇਸ ਨੂੰ ਘਟਾਉਣ ਅਤੇ ਕਰੋਨਾ ਲਾਗ ਦੀ ਲੜੀ ਨੂੰ ਤੋੜਨ ਲਈ ਲੌਕਡਾਊਨ ਜ਼ਰੂਰੀ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਤਾਲਾਬੰਦੀ ਇੱਕ ਵਿਸ਼ਾਲ ਆਰਥਿਕ ਸੰਕਟ ਪੈਦਾ ਕਰਦੀ ਹੈ, ਖ਼ਾਸਕਰ ਗਰੀਬ ਲੋਕਾਂ ਲਈ, ਖ਼ਾਸਕਰ ਉਨ੍ਹਾਂ ਲਈ ਜਿਹੜੇ ਰੋਜ਼ਮਰ੍ਹਾ ਕਮਾਉਂਦੇ ਹਨ, ਅਜਿਹੇ ਲੋਕਾਂ ਲਈ ਆਪਣਾ ਘਰ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ। ਪਿਛਲੇ ਹਫਤੇ ਅਸੀਂ 5-5 ਹਜ਼ਾਰ ਰੁਪਏ ਖ਼ਾਸਕਰ ਮਜ਼ਦੂਰਾਂ ਦੇ ਖਾਤੇ ਵਿੱਚ ਪਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਖਾਤੇ ਵਿਚ 5-5 ਹਜ਼ਾਰ ਰੁਪਏ ਵੀ ਜਮ੍ਹਾ ਕਰਵਾ ਦਿੱਤੇ ਗਏ ਹਨ।

ਭਾਜਪਾ ਸੰਸਦ ਮੈਂਬਰ ਵੱਲੋਂ ਰਾਸ਼ਟਰਪਤੀ ਰਾਜ ਦੀ ਮੰਗ

ਭਾਜਪਾ ਸੰਸਦ ਰਾਕੇਸ਼ ਸਿਨਹਾ ਨੇ ਦਿੱਲੀ ਸਰਕਾਰ ’ਤੇ ਰਾਸ਼ਟਰਪਤੀ ਸ਼ਾਸ਼ਨ ਲਾਗੂ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਦਿੱਲੀ ਸਰਕਾਰ ਨੇ ਲੋਕਾਂ ਨੂੰ ਕਰੋਨਾਵਾਇਰਸ ਦੀ ਗੰਭੀਰ ਸਥਿਤੀ ਵਿਚ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਹਾਲਾਤ ਵਿਗੜ ਰਹੇ ਹਨ। ਰਾਜ ਸਭਾ ਮੈਂਬਰ ਸਿਨਹਾ ਨੇ ਟਵੀਟ ਕੀਤਾ, ‘‘ਦਿੱਲੀ ਗੰਭੀਰ ਮੁਸੀਬਤ ਵਿਚ ਹੈ। ਅਰਵਿੰਦ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਇਕ ਅਨਿਸ਼ਚਿਤ, ਅਸੁਰੱਖਿਅਤ ਸਥਿਤੀ ਵਿਚ ਛੱਡ ਦਿੱਤਾ ਹੈ। ਕੇਂਦਰ ਨੂੰ ਸਿੱਧੇ ਤੌਰ ’ਤੇ ਦਿੱਲੀ ਦਾ ਕੰਟਰੋਲ ਲੈਣਾ ਚਾਹੀਦਾ ਹੈ। ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ।’’ ‘ਆਪ’ ਵਿਧਾਇਕ ਸ਼ੋਇਬ ਇਕਬਾਲ ਨੇ ਵੀ ਸ਼ੁੱਕਰਵਾਰ ਨੂੰ ਕੋਵਿਡ-19 ਮਾਮਲਿਆਂ ਵਿੱਚ ਹੋਏ ਭਾਰੀ ਵਾਧੇ ਦੇ ਮੱਦੇਨਜ਼ਰ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All