ਕੇਜਰੀਵਾਲ ਤੇ ਸਿਸੋਦੀਆ ਨੇ ਹਨੂੰਮਾਨ ਮੰਦਰ ’ਚ ਮੱਥਾ ਟੇਕਿਆ
ਸ਼ਰਾਬ ਨੀਤੀ ਕੇਸ ’ਚੋਂ ਬਰੀ ਹੋਣ ’ਤੇ ਸ਼ੁਕਰਾਨੇ ਲਈ ਪੂਜਾ ਕੀਤੀ
ਦਿੱਲੀ ਦੀ ਅਦਾਲਤ ਵੱਲੋਂ ਆਬਕਾਰੀ ਨੀਤੀ ਕੇਸ ਵਿੱਚ ਬਰੀ ਕਰਨ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਿਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਸਾਬਕਾ ਮੰਤਰੀ ਸਤੇਂਦਰ ਜੈਨ, ਸੰਸਦ ਮੈਂਬਰ ਸੰਜੇ ਸਿੰਘ, ਵਿਧਾਇਕ ਕੁਲਦੀਪ ਕੁਮਾਰ, ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਮੰਦਰ ਵਿੱਚ ਕੇਜਰੀਵਾਲ ਨੇ ਭਗਵਾਨ ਹਨੂੰਮਾਨ ਅੱਗੇ ਸ਼ਾਂਤੀ, ਖੁਸ਼ੀ ਅਤੇ ਹਿੰਮਤ ਲਈ ਪ੍ਰਾਰਥਨਾ ਕੀਤੀ। ਅਰਵਿੰਦ ਕੇਜਰੀਵਾਲ ਨੇ ਦੱਸਿਆ, ‘‘ਮੈਂ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਹੋਰ ਪਾਰਟੀ ਸਾਥੀਆਂ ਨਾਲ ਕਨਾਟ ਪਲੇਸ ਦੇ ਪ੍ਰਾਚੀਨ ਹਨੂੰਮਾਨ ਮੰਦਰ ਵਿੱਚ ਭਗਵਾਨ ਬਜਰੰਗਬਲੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਪ੍ਰਭੂ ਸਾਰਿਆਂ ਨੂੰ ਖੁਸ਼ੀ, ਸ਼ਾਂਤੀ ਅਤੇ ਹਿੰਮਤ ਬਖਸ਼ੇ। ਜੈ ਬਜਰੰਗਬਲੀ।’’ ਉਨ੍ਹਾਂ ਕਿਹਾ ਕਿ ਲੋਕਾਂ, ਬਜਰੰਗਬਲੀ ਅਤੇ ਬਾਬਾ ਸਾਹਿਬ ਦੁਆਰਾ ਬਣਾਏ ਗਏ ਸੰਵਿਧਾਨ ਦੇ ਆਸ਼ੀਰਵਾਦ ਸਦਕਾ, ਸਾਨੂੰ ਸਾਰਿਆਂ ਨੂੰ ਅਦਾਲਤ ਤੋਂ ਇਨਸਾਫ਼ ਮਿਲਿਆ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਕੋਲ ਸਾਰੀਆਂ ਮੁਸੀਬਤਾਂ ਦੂਰ ਕਰਨ ਵਾਲੇ ਹਨੂੰਮਾਨ ਜੀ ਦਾ ਆਸ਼ੀਰਵਾਦ ਹੈ, ਉਨ੍ਹਾਂ ਨੂੰ ਡਰਾਉਣਾ ਜਾਂ ਹਰਾਉਣਾ ਅਸੰਭਵ ਹੈ। ਅਰਵਿੰਦ ਕੇਜਰੀਵਾਲ ਦੇ ਪ੍ਰਾਚੀਨ ਹਨੂੰਮਾਨ ਮੰਦਰ ਜਾਣ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਦਿੱਲੀ ਵਾਸੀ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੋਏ। ਲੋਕਾਂ ਨੇ ਉਨ੍ਹਾਂ ਨਾਲ ਹੱਥ ਮਿਲਾਇਆ, ਸੈਲਫ਼ੀਆਂ ਲਈਆਂ ਅਤੇ ਕੇਸ ਤੋਂ ਬਰੀ ਹੋਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਸੱਚ ਦੀ ਜਿੱਤ ਹੋਣੀ ਚਾਹੀਦੀ ਹੈ ਅਤੇ ਅੰਤ ਵਿੱਚ ਇਹੀ ਹੋਇਆ ਹੈ। ਦੁਰਗੇਸ਼ ਪਾਠਕ ਨੇ ਭਾਜਪਾ ਦੇ ਬਿਆਨਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਿਆਨ ਜਾਰੀ ਕਰਨ ਦੀ ਬਜਾਏ ਭਾਜਪਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਸ ਮਾਮਲੇ ਨੂੰ ਖਤਮ ਕਰਨਾ ਚਾਹੀਦਾ ਹੈ।
ਜੰਤਰ ਮੰਤਰ ’ਤੇ ਰੈਲੀ ਅੱਜ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਵਿਸ਼ਾਲ ਰੈਲੀ ਕਰਨਗੇ, ਜਿਸ ਵਿੱਚ ਭਾਜਪਾ ਅਤੇ ਉਸ ਦੀਆਂ ਸਰਕਾਰਾਂ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਆਬਕਾਰੀ ਕੇਸ ’ਚੋਂ ਬਰੀ ਹੋਣ ਤੋਂ ਬਾਅਦ ਕੇਜਰੀਵਾਲ ਦੀ ਇਹ ਪਹਿਲੀ ਰੈਲੀ ਹੈ। ‘ਆਪ’ ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਹਿਲੀ ਮਾਰਚ ਨੂੰ ਸਵੇਰੇ 11 ਵਜੇ ਜੰਤਰ-ਮੰਤਰ ’ਤੇ ਰੈਲੀ ਵਿੱਚ ਸ਼ਿਰਕਤ ਕਰੇਗੀ ਦਿੱਲੀ, ਪੰਜਾਬ, ਗੁਜਰਾਤ ਅਤੇ ਗੋਆ ਸਮੇਤ ਦੇਸ਼ ਭਰ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਇਸ ਰੈਲੀ ਵਿੱਚ ਸ਼ਾਮਲ ਹੋਣਗੇ।

