ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਦਿੱਲੀ ਭਾਜਪਾ ਦੇ ਓਬੀਸੀ ਮੋਰਚਾ ਦੇ ਪ੍ਰਧਾਨ ਸੁਨੀਲ ਯਾਦਵ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ’ਤੇ ਓਬੀਸੀ ਵਰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ। ਮੋਰਚੇ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਓਬੀਸੀ ਸਮਾਜ ਵਿਰੋਧੀ ਹੈ। ਦਿੱਲੀ ਰਾਜ ਵਿੱਚ ਸਰਕਾਰੀ ਨੌਕਰੀਆਂ ਦੀ ਭਰਤੀ ਵਿੱਚ ਦੇਸ਼ ਦੇ ਦੂਜੇ ਰਾਜਾਂ ਦੇ ਓਬੀਸੀ ਵਰਗ ਦੇ ਬੇਰੁਜ਼ਗਾਰ ਉਮੀਦਵਾਰਾਂ ਨੂੰ ਰਾਖਵਾਂਕਰਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ, ਜੋ 1993 ਤੋਂ ਦਿੱਲੀ ਵਿੱਚ ਪੱਕੇ ਤੌਰ ’ਤੇ ਰਹਿ ਰਹੇ ਹਨ।
ਦਿੱਲੀ ਸੁਬਾਰਡੀਨੇਟ ਸਿਲੈਕਸ਼ਨ ਸਰਵਿਸ ਕਮਿਸ਼ਨ ਵੱਲੋਂ ਦਿੱਲੀ ਸਰਕਾਰ ਦੀਆਂ ਨੌਕਰੀਆਂ ਦਾ ਲਾਭ ਸਿਰਫ਼ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਜੋ 1993 ਤੋਂ ਪਹਿਲਾਂ ਦੇ ਵਸਨੀਕ ਹਨ। ਉਨ੍ਹਾਂ ਕਿਹਾ, ‘‘ਅਸੀਂ 5 ਸਤੰਬਰ ਨੂੰ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਜ਼ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦਾ ਨੋਟਿਸ ਲੈਂਦਿਆਂ ਕਮਿਸ਼ਨ ਨੇ 13 ਸਤੰਬਰ ਨੂੰ ਦਿੱਲੀ ਸਰਕਾਰ ਨੂੰ ਤਲਬ ਕੀਤਾ ਹੈ ਤੇ ਨਤੀਜੇ ਵਜੋਂ ਕੇਜਰੀਵਾਲ ਸਰਕਾਰ ਨੇ 15 ਦਿਨਾਂ ਦੇ ਅੰਦਰ ਇਸ ’ਤੇ ਸਕਾਰਾਤਮਕ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਕੁਝ ਨਹੀਂ ਕੀਤਾ।