
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਕਾਂਝਾਵਾਲਾ ਮਾਮਲੇ ਵਿੱਚ ਸੱਤ ਮੁਲਜ਼ਮਾਂ ਖ਼ਿਲਾਫ਼ ਅੱਜ 800 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਜਨਵਰੀ ਨੂੰ ਸਵੇਰੇ ਸੁਲਤਾਨਪੁਰੀ ਤੋਂ ਕਾਂਝਾਵਾਲਾ ਤੱਕ ਇਕ ਕਾਰ ਹੇਠਾਂ ਫਸ ਕੇ ਘਿਸਡਰਨ ਕਾਰਨ ਇਕ 20 ਸਾਲਾ ਲੜਕੀ ਦੀ ਮੌਤ ਹੋ ਗਈ ਸੀ। ਸੱਤ ਵਿੱਚੋਂ ਚਾਰ ਮੁਲਜ਼ਮਾਂ ਅਮਿਤ ਖੰਨਾ, ਕ੍ਰਿਸ਼ਨ, ਮਿਥੁਨ ਤੇ ਮਨੋਜ ਮਿੱਤਲ ’ਤੇ ਕਤਲ ਦੇ ਦੋਸ਼ ਲਗਾਏ ਗਏ ਹਨ। ਮੈਟਰੋਪੋਲੀਟਨ ਮੈਜਿਸਟਰੇਟ ਸਾਨਿਆ ਦਲਾਲ ਨੇ ਦੋਸ਼ ਪੱਤਰ ’ਤੇ ਵਿਚਾਰ ਕਰਨ ਲਈ 13 ਅਪਰੈਲ ਦੀ ਤਰੀਕ ਤੈਅ ਕੀਤੀ ਹੈ। ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨ, ਮਿਥੁਨ ਤੇ ਮਨੋਜ ਮਿੱਤਲ ਨੂੰ 2 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਹੋਰ ਮੁਲਜ਼ਮਾਂ ਆਸ਼ੂਤੋਸ਼ ਭਾਰਦਵਾਜ ਤੇ ਅੰਕੁਸ਼ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ। ਇਕ ਸੈਸ਼ਨ ਅਦਾਲਤ ਨੇ ਦੀਪਕ ਖੰਨਾ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਸੀ। ਬਾਕੀ ਪੰਜ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਵੱਲੋਂ ਉਨ੍ਹਾਂ ਦੀ ਨਿਆਂਇਕ ਹਿਰਾਸਤ 13 ਅਪਰੈਲ ਤੱਕ ਵਧਾ ਦਿੱਤੀ ਗਈ ਹੈ। ਪੁਲੀਸ ਮੁਤਾਬਕ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਕਰੀਬ 117 ਗਵਾਹਾਂ ਨਾਲ 800 ਪੰਨਿਆਂ ਦਾ ਇਕ ਦੋਸ਼ ਪੱਤਰ ਤਿਆਰ ਕੀਤਾ ਗਿਆ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ