ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੱਲੀ ਵਿੱਚ ‘ਜੰਗਲ ਰਾਜ’: ਭਾਰਦਵਾਜ

45 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ’ਤੇ ‘ਆਪ’ ਨੇ ਭਾਜਪਾ ਨੂੰ ਘੇਰਿਆ
Advertisement

ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਕੌਮੀ ਰਾਜਧਾਨੀ ਵਿੱਚ ‘ਜੰਗਲ ਰਾਜ’ ਆ ਗਿਆ ਹੈ ਅਤੇ ਸਰਕਾਰ ਬੱਚਿਆਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ ਹੈ। ਇਨ੍ਹਾਂ ਦੋਸ਼ਾਂ ’ਤੇ ਭਾਜਪਾ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਅੱਜ ਦਿੱਲੀ ਦੇ 45 ਤੋਂ ਵੱਧ ਸਕੂਲਾਂ ਨੂੰ ਈਮੇਲ ਜਾਂ ਫੋਨ ਕਾਲਾਂ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ, ਜਿਸ ਨਾਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ ਵਿੱਚ ਦਹਿਸ਼ਤ ਫੈਲ ਗਈ। ‘’ਆਪ’ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ, ‘ਇਹ ਰੁਝਾਨ ਇਸ ਤਰ੍ਹਾਂ ਜਾਰੀ ਨਹੀਂ ਰਹਿ ਸਕਦਾ।’ ਉਨ੍ਹਾਂ ਕਿਹਾ, ‘ਮਾਪੇ ਬਹੁਤ ਪਰੇਸ਼ਾਨ ਹਨ। ਉਹ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਛੱਡ ਕੇ ਕੰਮ ’ਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਜਾਂਦਾ ਹੈ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਤੁਰੰਤ ਲਿਜਾਣਾ ਪਵੇਗਾ।’ ਭਾਰਦਵਾਜ ਨੇ ਅੱਗੇ ਕਿਹਾ ਕਿ ਸਰਕਾਰ ਇਸ ਸਥਿਤੀ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਵੱਸ ਪੇਸ਼ ਕਰ ਰਹੀ ਹੈ, ਜਦਕਿ ਹਾਲ ਹੀ ਦੇ ਘਟਨਾਕ੍ਰਮ ਕਾਰਨ ਪਰਿਵਾਰ ਸਦਮੇ ਵਿੱਚ ਹਨ।’ ਉਨ੍ਹਾਂ ਕਿਹਾ, ‘ਜਦੋਂ ਰਾਜਨੀਤਿਕ ਹਿੱਤਾਂ ਦੀ ਗੱਲ ਆਉਂਦੀ ਹੈ, ਤਾਂ ਹਰ ਏਜੰਸੀ ਚੌਵੀ ਘੰਟੇ ਕੰਮ ਕਰਦੀ ਹੈ ਪਰ ਜਦੋਂ ਲੋਕ ਭਲਾਈ ਦੀ ਗੱਲ ਆਉਂਦੀ ਹੈ, ਤਾਂ ਕੁਝ ਨਹੀਂ ਕੀਤਾ ਜਾਂਦਾ। ਅਸੀਂ ਦਿੱਲੀ ਵਿੱਚ ਜੰਗਲ ਰਾਜ ਦੇਖ ਰਹੇ ਹਾਂ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀ ਐਕਸ ’ਤੇ ਭਾਜਪਾ ਦੀ ਆਲੋਚਨਾ ਕਰਦਿਆਂ ਲਿਖਿਆ, ‘ਅੱਜ 20 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਕਿਹਾ, ‘ਜ਼ਰਾ ਸੋਚੋ ਕਿ ਬੱਚੇ, ਮਾਪੇ ਅਤੇ ਅਧਿਆਪਕ ਕਿਸ ਸਦਮੇ ’ਚੋਂ ਗੁਜ਼ਰ ਰਹੇ ਹੋਣਗੇ। ਦਿੱਲੀ ਵਿੱਚ ਸ਼ਾਸਨ ਦੇ ਸਾਰੇ ਚਾਰ ਇੰਜਣ ਭਾਜਪਾ ਦੇ ਹੱਥਾਂ ਵਿੱਚ ਹਨ ਅਤੇ ਫਿਰ ਵੀ ਇਹ ਸਾਡੇ ਬੱਚਿਆਂ ਨੂੰ ਉਹ ਸੁਰੱਖਿਆ ਦੇਣ ਦੇ ਯੋਗ ਨਹੀਂ ਹੈ।’ ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਕੋਈ ਪ੍ਰਭਾਵਸ਼ਾਲੀ ਜਵਾਬੀ ਰਣਨੀਤੀ ਬਣਾਉਣ ਜਾਂ ਜਨਤਾ ਦਾ ਵਿਸ਼ਵਾਸ ਜਿੱਤਣ ਵਿੱਚ ਅਸਫਲ ਰਹੀ ਹੈ। ਭਾਰਦਵਾਜ ਨੇ ਪੁੱਛਿਆ, ‘ਇਹ ਸਿਰਫ਼ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਹੈ, ਇਹ ਸਾਡੇ ਬੱਚਿਆਂ ਦੀ ਸੁਰੱਖਿਆ ਦਾ ਮਾਮਲਾ ਹੈ। ਕੀ ਸਰਕਾਰ ਗੰਭੀਰਤਾ ਨਾਲ ਕਾਰਵਾਈ ਕਰੇਗੀ?’

Advertisement
Advertisement