ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਸਤੰਬਰ
ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਅੱਜ ਨਵੀਂ ਦਿੱਲੀ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਪ੍ਰਧਾਨ ਮੰਤਰੀ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਸੁਣਿਆ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ, ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ, ਰਾਸ਼ਟਰੀ ਮੀਡੀਆ ਸਹਿ-ਪ੍ਰਧਾਨ ਸੰਜੈ ਮਯੂਖ, ਬੰਸੂਰੀ ਸਵਰਾਜ, ਜ਼ਿਲ੍ਹਾ ਪ੍ਰਧਾਨ ਰਾਜੀਵ ਰਾਣਾ ਅਤੇ ਦਿੱਲੀ ਭਾਜਪਾ ਦੇ ‘ਮਨ ਕੀ ਬਾਤ ਪ੍ਰੋਗਰਾਮ’ ਦੇ ਕੋਆਰਡੀਨੇਟਰ ਰਾਜਨ ਤਿਵਾੜੀ ਹਾਜ਼ਰ ਸਨ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਦਿੱਲੀ ਦੇ ਜ਼ਿਆਦਾਤਰ ਬੂਥਾਂ ’ਤੇ ਸੁਣਿਆ ਗਿਆ। ਭਾਜਪਾ ਵਰਕਰਾਂ ਨੇ ਬੂਥ ਪੱਧਰ ’ਤੇ ਪ੍ਰੋਗਰਾਮ ਦੇ 105ਵੇਂ ਐਪੀਸੋਡ ਨੂੰ ਸੁਣਿਆ ਤੇ ਪ੍ਰਧਾਨ ਮੰਤਰੀ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ।
ਉਥੇ ਹੀ ਅੱਜ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਫਰੀਦਾਬਾਦ ਦੇ ਸਾਰੇ ਸ਼ਕਤੀ ਕੇਂਦਰਾਂ ਅਤੇ ਬੂਥਾਂ ’ਤੇ ਫਰੀਦਾਬਾਦ ਦੇ ਲੋਕਾਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਸੁਣਿਆ। ਸੈਕਟਰ-15 ਦੇ ਕਮਿਊਨਿਟੀ ਹਾਲ ’ਚ ਆਯੋਜਿਤ ‘ਮਨ ਕੀ ਬਾਤ’ ਪ੍ਰੋਗਰਾਮ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਫਰੀਦਾਬਾਦ ਦੇ ਵਿਧਾਇਕ ਨਰਿੰਦਰ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ ਅਤੇ ਭਾਜਪਾ ਵਰਕਰਾਂ ਨਾਲ ਸੁਣਿਆ। ਕੌਮੀ ਜਨਰਲ ਸਕੱਤਰ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੇ ਲੋਕ ਸ੍ਰੀ ਮੋਦੀ ਨਾਲ ਸਿੱਧਾ ਜੁੜਿਆ ਹੋਇਆ ਮਹਿਸੂਸ ਕਰਦੇ ਹਨ।