ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਸਤੰਬਰ
ਦਿੱਲੀ ਦੇ ਜੰਗਪੁਰਾ ਇਲਾਕੇ ਵਿੱਚ ਸਰਾਫ ਦੀ ਦੁਕਾਨ ਵਿੱਚੋਂ ਚੋਰ ਕਰੀਬ 21 ਕਰੋੜ ਰੁਪਏ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਚੋਰੀ ਕਰ ਕੇ ਲੈ ਗਏ। ਦਿੱਲੀ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਚੋਰੀ ਵਿੱਚ ਕਿਸੇ ਕਰੀਬੀ ਦਾ ਹੱਥ ਹੋਣ ਦਾ ਸ਼ੱਕ ਹੈ। ਪੁਲੀਸ ਦੇ ਨਿਸ਼ਾਨੇ ਉਪਰ ਸ਼ੋਅਰੂਮ ਦੇ ਮੁਲਾਜ਼ਮ, ਸਾਬਕਾ ਮੁਲਾਜ਼ਮ ਤੇ ਹੋਰ ਕਰੀਬੀ ਹਨ। ਪੁਲੀਸ ਨੇ ਦੱਸਿਆ ਕਿ ਸੋਮਵਾਰ ਨੂੰ ਦੁਕਾਨ ਬੰਦ ਰਹਿੰਦੀ ਹੈ, ਇਸ ਕਰ ਕੇ ਇਹ ਵਾਰਦਾਤ ਐਤਵਾਰ ਤੇ ਸੋਮਵਾਰ 24-25 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਹੈ। ਜੰਗਪੁਰਾ ਦੇ ਉਮਰਾਓ ਸਿੰਘ ਜਿਊਲਰਜ਼ ਦੀ ਦੁਕਾਨ ’ਚ ਹੋਈ ਚੋਰੀ ਵਿੱਚ ਘੱਟੋ-ਘੱਟ ਤਿੰਨ ਚੋਰਾਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। ਡੀਸੀਪੀ ਦੱਖਣ-ਪੂਰਬ ਰਾਜੇਸ਼ ਦਿਓ ਨੇ ਦੱਸਿਆ ਕਿ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦੱਖਣ-ਪੂਰਬੀ ਦਿੱਲੀ ਦੇ ਜੰਗਪੁਰਾ ਵਿੱਚ ਗਹਿਣਿਆਂ ਦੀ ਦੁਕਾਨ ’ਚੋਂ ਘੱਟੋ-ਘੱਟ ਤਿੰਨ ਚੋਰ ਕਰੀਬ 21 ਕਰੋੜ ਰੁਪਏ ਦਾ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ ਹਨ। ਚੋਰ ਕਥਿਤ ਤੌਰ ’ਤੇ ਨਾਲ ਦੀ ਇਮਾਰਤ ਰਾਹੀਂ ਗਹਿਣਿਆਂ ਦੀ ਦੁਕਾਨ ’ਚ ਸੰਨ੍ਹ ਲਾ ਕੇ ਅੰਦਰ ਵੜੇ। ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਦੁਕਾਨ ’ਤੇ ਲੱਗੇ ਸੀਸੀਟੀਵੀ ਸਿਸਟਮ ਦੀਆਂ ਤਾਰਾਂ ਕੱਟ ਦਿੱਤੀਆਂ ਸਨ। ਉਹ ਤਿੰਨ ਮੰਜ਼ਿਲਾਂ ਦੁਕਾਨ ਦੀ ਹੇਠਲੀ ਮੰਜ਼ਿਲ ’ਤੇ ਗਏ, ਜਿੱਥੇ ਇੱਕ ਸਟਰਾਂਗਰੂਮ ਸਥਿਤ ਸੀ, ਜਿਥੋਂ ਚੋਰ 10 ਤੋਂ 15 ਲੱਖ ਰੁਪਏ ਦੀ ਨਕਦੀ ਤੇ 21 ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ।
ਦਿੱਲੀ ਪੁਲੀਸ ਅਨੁਸਾਰ ਦੁਕਾਨ ਸੋਮਵਾਰ ਨੂੰ ਬੰਦ ਸੀ ਤੇ ਮੰਗਲਵਾਰ ਸਵੇਰੇ ਜਦੋਂ ਮਾਲਕ ਦੁਕਾਨ ਖੋਲ੍ਹਣ ਆਇਆ ਤਾਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਦੁਕਾਨ ਦੇ ਮਾਲਕ ਸੰਜੀਵ ਜੈਨ ਨੇ ਕਿਹਾ, ‘‘ਅਸੀਂ ਐਤਵਾਰ ਨੂੰ ਦੁਕਾਨ ਬੰਦ ਕੀਤੀ ਸੀ ਤੇ ਸੋਮਵਾਰ ਨੂੰ ਛੁੱਟੀ ਤੋਂ ਬਾਅਦ ਜਦੋਂ ਮੰਗਲਵਾਰ ਨੂੰ ਖੋਲ੍ਹੀ ਤਾਂ ਦੇਖਿਆ ਕਿ ਪੂਰੀ ਦੁਕਾਨ ’ਚ ਧੂੜ ਸੀ ਤੇ ਸਟਰਾਂਗਰੂਮ ਦੀ ਕੰਧ ਵਿੱਚ ਸੰਨ੍ਹ ਲਾਈ ਹੋਈ ਸੀ। ਸਾਨੂੰ ਲੱਗਦਾ ਹੈ ਕਿ ਚੋਰ ਕਰੀਬ 20-25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਕੇ ਲੈ ਗਏ।’’ ਪੁਲੀਸ ਮੁਤਾਬਕ ਚੋਰ ਸੋਨੇ ਅਤੇ ਹੀਰਿਆਂ ਦੇ ਸਾਰੇ ਗਹਿਣੇ ਚੋਰੀ ਕਰ ਕੇ ਲੈ ਗਏ ਅਤੇ ਪਿੱਛੇ ਚਾਂਦੀ ਦੇ ਗਹਿਣੇ ਛੱਡ ਗਏ। ਡੀਸੀਪੀ ਦੱਖਣ-ਪੂਰਬ ਰਾਜੇਸ਼ ਦਿਓ ਨੇ ਕਿਹਾ ਕਿ ਇਹ ਚੋਰੀ ਦੀ ਇੱਕ ਵੱਡੀ ਘਟਨਾ ਹੈ। ਪੁਲੀਸ ਸੂਤਰਾਂ ਨੇ ਕਿਹਾ ਕਿ ਚੋਰੀ ਯੋਜਨਾਬੱਧ ਜਾਪਦੀ ਸੀ ਤੇ ਦੋਸ਼ੀਆਂ ਨੂੰ ਦੁਕਾਨ ਦੇ ਨਾਲ-ਨਾਲ ਗਹਿਣੇ ਕਿੱਥੇ ਰੱਖੇ ਗਏ ਸਨ, ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਉਨ੍ਹਾਂ ਨੂੰ ਇਸ ਗੱਲ ਦਾ ਵੀ ਗਿਆਨ ਸੀ ਕਿ ਸਟਰਾਂਗ ਰੂਮ ਤੱਕ ਕਿਵੇਂ ਪਹੁੰਚਣਾ ਹੈ।
ਘਰ ’ਚੋਂ ਗਹਿਣੇ ਤੇ ਲੱਖਾਂ ਦੀ ਨਕਦੀ ਚੋਰੀ
ਰਤੀਆ (ਪੱਤਰ ਪ੍ਰੇਰਕ): ਸ਼ਹਿਰ ਦੇ ਵਾਰਡ ਨੰ. 12 ਦੀ ਅਰੋੜਾ ਕਲੋਨੀ ’ਚ ਦਿਨ ਦਿਹਾੜੇ ਇਕ ਘਰ ਦੇ ਤਾਲੇ ਤੋੜ ਕੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਲੱਖਾਂ ਦੇ ਗਹਿਣੇ ਚੋਰੀ ਹੋ ਗਏ। ਸ਼ਹਿਰੀ ਥਾਣੇ ਦੀ ਪੁਲੀਸ ਨੇ ਸੰਜੈ ਕੁਮਾਰ ਪੁੱਤਰ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਚੋਰੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੱਲ੍ਹ ਸਵੇਰੇ ਕਰੀਬ 9 ਵਜੇ ਉਸ ਦੀ ਮਾਤਾ ਘਰ ਨੂੰ ਤਾਲਾ ਲਗਾ ਕੇ ਸਕੂਲ ਵਿਚ ਡਿਊਟੀ ’ਤੇ ਚਲੀ ਗਈ ਅਤੇ ਪਿੱਛੇ ਘਰ ਵਿਚ ਕੋਈ ਨਹੀਂ ਸੀ। ਇਸ ਦੌਰਾਨ ਜਦੋਂ ਉਸ ਦੀ ਮਾਤਾ ਕਰੀਬ 12 ਵਜੇ ਘਰ ਪਹੁੰਚੀ ਤਾਂ ਘਰ ਦੇ ਅੰਦਰ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੇਖਿਆ ਕਿ ਅਲਮਾਰੀ ’ਚੋਂ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਸੱਤ ਤੋਲੇ ਸੋਨੇ ਦੇ ਗਹਿਣੇ, 500 ਗ੍ਰਾਮ ਚਾਂਦੀ ਅਤੇ 2 ਘੜੀਆਂ ਗਾਇਬ ਸੀ।