Jantar Mantar Protest: ਪੁਲੀਸ ਵੱਲੋਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਖ਼ਿਲਾਫ਼ ਕੇਸ
ਸ਼ਾਂਤੀ ਕਾਇਮ ਰੱਖਣ ਦੇ ਬਾਂਡ ਭਰਨ ਤੋਂ ਬਾਅਦ ਜੰਤਰ-ਮੰਤਰ ’ਚ ਦਾਖ਼ਲ ਹੋਏ ਸਨ ਸੀ ਜੇ ਪੀ ਆਗੂ: ਪੁਲੀਸ
Jantar Mantar Protest: ਪੁਲੀਸ ਨੇ ਅੱਜ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਜੰਤਰ ਮੰਤਰ ਪਹੁੰਚਣ ’ਤੇ ਹਿਰਾਸਤ ਵਿੱਚ ਲੈ ਲਿਆ ਤੇ ਉਨ੍ਹਾਂ ਖ਼ਿਲਾਫ਼ ਕੇਸ ਕਰਜ ਕਰ ਲਿਆ। ਪੁਲੀਸ ਨੇ ਜੰਤਰ ਮੰਤਰ ’ਤੇ ਧਰਨਾ ਨਾ ਦੇਣ ਲਈ ਸਖਤ ਬੈਰੀਕੇਡਿੰਗ ਕੀਤੀ ਹੋਈ ਸੀ, ਇਸ ਦੇ ਬਾਵਜੂਦ ਸੀ ਜੇ ਪੀ ਦੇ ਆਗੂ ਜੰਤਰ ਮੰਤਰ ਪੁੱਜੇ।
ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਕੌਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਆਗੂਆਂ ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਹੋਰ ਮੈਂਬਰਾਂ ਖ਼ਿਲਾਫ਼ ਜੰਤਰ-ਮੰਤਰ ਖੇਤਰ ਵਿੱਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਸੂਤਰ ਮੁਤਾਬਕ ਐੱਫਆਈਆਰ ਵਿੱਚ ਉਨ੍ਹਾਂ ਵੱਲੋਂ ਪਹਿਲਾਂ ਦਸਤਖ਼ਤ ਕੀਤੇ ਸ਼ਾਂਤੀ ਕਾਇਮ ਰੱਖਣ ਸਬੰਧੀ ਬਾਂਡ ਦੀ ਉਲੰਘਣਾ ਕਰਨ ਦੀ ਧਾਰਾ ਵੀ ਸ਼ਾਮਲ ਹੈ।
ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਕਾਰਕੁਨਾਂ ਨੇ ਸਖਤ ਬੈਰੀਕੇਡਾਂ ਨਾਲ ਘੇਰੇ ਗਏ ਜੰਤਰ-ਮੰਤਰ ਦੇ ਪ੍ਰਦਰਸ਼ਨ ਵਾਲੇ ਖੇਤਰ ਵਿੱਚ ਦਾਖ਼ਲ ਹੋ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ।
ਪੁਲੀਸ ਮੁਤਾਬਕ ਸੌਰਵ ਦਾਸ, ਆਸ਼ੂਤੋਸ਼ ਰਾਂਕਾ ਅਤੇ ਕੌਕਰੋਚ ਜਨਤਾ ਪਾਰਟੀ ਦੇ ਕੁਝ ਹੋਰ ਮੈਂਬਰਾਂ ਨੂੰ ਮੰਗਲਵਾਰ ਤੜਕੇ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ’ਤੇ ਦੋਸ਼ ਹੈ ਕਿ ਉਹ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਪ੍ਰਦਰਸ਼ਨ ਵਾਲੇ ਖੇਤਰ ਵਿੱਚ ਦਾਖ਼ਲ ਹੋਏ। ਇਸ ਮਗਰੋਂ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ।
ਜੰਤਰ-ਮੰਤਰ ਨੂੰ ਹਾਲ ਹੀ ਵਿੱਚ ਅਧਿਕਾਰਤ ਪ੍ਰਦਰਸ਼ਨ ਸਥਾਨ ਵਜੋਂ ਮਿਲਿਆ ਦਰਜਾ ਵਾਪਸ ਲੈ ਲਿਆ ਗਿਆ ਸੀ। ਇਸ ਤਬਦੀਲੀ ਕਾਰਨ ਉੱਥੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਅਤੇ ਲਾਗੂ ਪਾਬੰਦੀਆਂ ਦਾ ਮੁੱਦਾ ਸਾਹਮਣੇ ਆਇਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਦਰਜ ਕੀਤੀ ਗਈ ਐੱਫਆਈਆਰ ਅਤੇ ਸਬੰਧਤ ਨਿਯਮਾਂ ਦੇ ਆਧਾਰ ’ਤੇ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਅਭਿਜੀਤ ਦੀਪਕੇ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਅਜਿੰਕਿਆ ਸ਼ਿੰਦੇ ਸਮੇਤ ਹੋਰ ਟੀਮ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਦੀਪਕੇ ਨੇ ਕਿਹਾ ਕਿ ਆਸ਼ੂਤੋਸ਼ ਰਾਂਕਾ, ਸੌਰਵ ਦਾਸ ਅਤੇ ਅਜਿੰਕਿਆ ਸ਼ਿੰਦੇ ਨੂੰ ਹੋਰ ਟੀਮ ਮੈਂਬਰਾਂ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਵਿਰੋਧ ਮੁਜ਼ਾਹਰਿਆਂ ਦੇ ਅਧਿਕਾਰ ਨੂੰ ਰੱਦ ਨਹੀਂ ਕਰ ਸਕਦੇ।
ਸੀ ਜੇ ਪੀ ਮੈਂਬਰਾਂ ਨੇ ਕਿਹਾ ਕਿ ਉਹ ਨਿਰਧਾਰਤ ਥਾਂ ’ਤੇ ਰੋਸ ਵਿਖਾਵਾ ਕਰਨ ਦੇ ਆਪਣੇ ਅਧਿਕਾਰ ਨੂੰ ਬਚਾਉਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਨ ਲਈ ਜੰਤਰ ਮੰਤਰ ਵਿੱਚ ਦਾਖ਼ਲ ਹੋਏ ਸਨ। ਦਾਸ ਨੇ ਮੁਜ਼ਾਹਰੇ ਵਾਲੀ ਥਾਂ ਉਤੇ ਜਾਣ ’ਤੇ ਗ੍ਰਹਿ ਮੰਤਰਾਲੇ ਦੀਆਂ ਪਾਬੰਦੀਆਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ, ‘‘ਗ੍ਰਹਿ ਮੰਤਰਾਲਾ ਕੌਣ ਹੁੰਦਾ ਹੈ ਸਾਡਾ ਜੰਤਰ ਮੰਤਰ ਖੋਹਣ ਵਾਲਾ? ਇਹ ਨਿਰਧਾਰਤ ਮੁਜ਼ਾਹਰਿਆਂ ਵਾਲੀ ਥਾਂ ਹੈ, ਅਤੇ ਅਸੀਂ ਜੰਤਰ ਮੰਤਰ ਤੋਂ ਹੀ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਲੈ ਕੇ ਰਹਾਂਗੇ।’’
ਇਹ ਵੀ ਪੜ੍ਹੋ: Rahul Gandhi Protest: ਲੋਕਤੰਤਰ ਦੀ ਬਹਾਲੀ ਲਈ ਮਿਲ ਕੇ ਲੜਾਂਗੇ: ਰਾਹੁਲ ਗਾਂਧੀ

