Jantar Mantar Protest: ਜੰਤਰ-ਮੰਤਰ ’ਤੇ ਸਿਰਫ਼ ਇਕ ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਸਮਰੱਥਾ: ਦਿੱਲੀ ਪੁਲੀਸ
ਪੁਲੀਸ ਨੇ ਲਾਈਆਂ ਗਈਆਂ ਪਾਬੰਦੀਆਂ ਨੂੰ ਸਹੀ ਠਹਿਰਾਇਆ; ਜੁਲਾਈ ਦੇ ਪ੍ਰਦਰਸ਼ਨ ਦੌਰਾਨ 200 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦਾ ਹਵਾਲਾ ਦਿੱਤਾ
Jantar Mantar Protest: ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਸੀ ਜੇ ਪੀ ਦੇ ਪ੍ਰਸਤਾਵਿਤ ਇਕੱਠ ਤੋਂ ਪਹਿਲਾਂ ਲਾਈਆਂ ਆਰਜ਼ੀ ਪਾਬੰਦੀਆਂ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਜੰਤਰ-ਮੰਤਰ ’ਤੇ ਇਕ ਸਮੇਂ ਸਿਰਫ਼ ਇਕ ਹਜ਼ਾਰ ਲੋਕ ਹੀ ਇਕੱਠੇ ਹੋ ਸਕਦੇ ਹਨ। ਪੁਲੀਸ ਨੇ ਜੁਲਾਈ ਵਿੱਚ ਹੋਏ ਇਕ ਮਹੀਨੇ ਦੇ ਲੰਮੇ ਪ੍ਰਦਰਸ਼ਨ ਦੌਰਾਨ ਹਿੰਸਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ 200 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਸਨ।
ਪੁਲੀਸ ਦੇ ਲੋਕ ਸੰਪਰਕ ਅਧਿਕਾਰੀ ਅਤੇ ਵਧੀਕ ਪੁਲੀਸ ਕਮਿਸ਼ਨਰ ਰਾਜੀਵ ਰੰਜਨ ਨੇ ਕਿਹਾ ਕਿ ਪਾਬੰਦੀਆਂ ਭੀੜ ਨੂੰ ਕਾਬੂ ਹੇਠ ਰੱਖਣ, ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਪ੍ਰਦਰਸ਼ਨਕਾਰੀਆਂ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਾਈਆਂ ਗਈਆਂ ਹਨ। ਉਨ੍ਹਾਂ ਮੁਤਾਬਕ ਥਾਂ ਦੀ ਘਾਟ, ਐਮਰਜੈਂਸੀ ਸੇਵਾਵਾਂ ਲਈ ਰਸਤਾ ਅਤੇ ਭੀੜ ਦੇ ਪ੍ਰਬੰਧ ਵਰਗੀਆਂ ਸੀਮਾਵਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
ਰੰਜਨ ਨੇ ਦੱਸਿਆ ਕਿ ਜੁਲਾਈ ਵਿੱਚ ਜੰਤਰ-ਮੰਤਰ ’ਤੇ ਇਕ ਦਿਨ ਦੇ ਪ੍ਰਦਰਸ਼ਨ ਦੀ ਮਨਜ਼ੂਰੀ ਮਿਲੀ ਸੀ ਪਰ ਇਕੱਠ ਲਗਪਗ ਇਕ ਮਹੀਨੇ ਤੱਕ ਜਾਰੀ ਰਿਹਾ। ਪੁਲੀਸ ਅਨੁਸਾਰ ਇਸ ਦੌਰਾਨ 2,000 ਤੋਂ ਵੱਧ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਅਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਝੜਪਾਂ ਵਿੱਚ ਵਿਦਿਆਰਥੀ ਵੀ ਜ਼ਖ਼ਮੀ ਹੋਏ ਸਨ।
ਪੁਲੀਸ ਨੇ ਪਿਛਲੇ ਹਫ਼ਤੇ ਪ੍ਰਦਰਸ਼ਨਾਂ ਦੌਰਾਨ ਮਹਿਲਾ ਪੁਲੀਸ ਮੁਲਾਜ਼ਮਾਂ ਨਾਲ ਕਥਿਤ ਛੇੜਛਾੜ ਅਤੇ ਕੁੱਟਮਾਰ ਦੀਆਂ ਘਟਨਾਵਾਂ ’ਤੇ ਵੀ ਚਿੰਤਾ ਪ੍ਰਗਟਾਈ।
ਪ੍ਰਦਰਸ਼ਨ ਲਈ ਪਹਿਲਾਂ ਮਨਜ਼ੂਰੀ ਲੈਣ ’ਤੇ ਜ਼ੋਰ
ਪੁਲੀਸ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਅਤੇ ਆਮ ਲੋਕਾਂ ਦੀ ਸੁਰੱਖਿਆ ਵਿਚਾਲੇ ਸੰਤੁਲਨ ਬਣਾਉਣਾ ਜ਼ਰੂਰੀ ਹੈ। ਰੰਜਨ ਨੇ ਕਿਹਾ ਕਿ ਪ੍ਰਦਰਸ਼ਨ ਲਈ ਪਹਿਲਾਂ ਮਨਜ਼ੂਰੀ ਲੈਣਾ ਲੋਕਤੰਤਰੀ ਸਿਧਾਂਤਾਂ ਦੇ ਉਲਟ ਨਹੀਂ, ਸਗੋਂ ਪ੍ਰਬੰਧਕੀ ਲੋੜ ਹੈ। ਇਸ ਨਾਲ ਆਵਾਜਾਈ, ਐਮਰਜੈਂਸੀ ਸੇਵਾਵਾਂ ਅਤੇ ਭੀੜ ਦੇ ਪ੍ਰਬੰਧ ਲਈ ਪਹਿਲਾਂ ਤੋਂ ਤਿਆਰੀ ਕੀਤੀ ਜਾ ਸਕਦੀ ਹੈ।

