ਅਮਰੀਕੀ ਵੀਜ਼ਾ ਲਈ ਫਰਜ਼ੀ ਤਜਰਬਾ ਸਰਟੀਫਿਕੇਟ ਬਣਾਉਣ ਦੇ ਮਾਮਲੇ ਵਿੱਚ ਜਲੰਧਰ ਦਾ ਲੈਬ ਸੰਚਾਲਕ ਗ੍ਰਿਫ਼ਤਾਰ
ਅਮਰੀਕੀ ਦੂਤਾਵਾਸ ਦੇ ਅਧਿਕਾਰੀ ਦੀ ਸ਼ਿਕਾਇਤ 'ਤੇ 24 ਮਾਰਚ 2026 ਨੂੰ ਚਾਣਕਿਆਪੁਰੀ ਥਾਣੇ ਵਿੱਚ ਦਰਜ ਹੋਇਆ ਸੀ ਮਾਮਲਾ
ਦਿੱਲੀ ਪੁਲੀਸ ਨੇ ਅਮਰੀਕੀ ਵੀਜ਼ਾ ਅਰਜ਼ੀ ਵਿੱਚ ਕਥਿਤ ਤੌਰ 'ਤੇ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਨ ਨਾਲ ਜੁੜੇ ਇੱਕ ਮਾਮਲੇ ਵਿੱਚ ਜਲੰਧਰ ਤੋਂ ਇੱਕ ਨਿੱਜੀ ਲੈਬ (ਪ੍ਰਯੋਗਸ਼ਾਲਾ) ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲੀਸ ਅਨੁਸਾਰ, ਅਮਰੀਕੀ ਦੂਤਾਵਾਸ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ 'ਤੇ 24 ਮਾਰਚ 2026 ਨੂੰ ਚਾਣਕਿਆਪੁਰੀ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਪੰਜਾਬ ਦੀ 22 ਸਾਲਾ ਲੜਕੀ ਨੇ ਅਮਰੀਕੀ ਵੀਜ਼ਾ ਅਰਜ਼ੀ ਦੇ ਨਾਲ ਇੱਕ ਲੈਬ ਵਿੱਚ ਟੈਕਨੀਸ਼ੀਅਨ ਵਜੋਂ ਕੰਮ ਕਰਨ ਦਾ ਤਜਰਬਾ ਸਰਟੀਫਿਕੇਟ ਦਿੱਤਾ ਸੀ, ਜੋ ਕਥਿਤ ਤੌਰ 'ਤੇ ਫਰਜ਼ੀ ਸੀ।
ਨਵੀਂ ਦਿੱਲੀ ਦੇ ਡੀ ਸੀ ਪੀ ਸਚਿਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਲੜਕੀ ਨੇ ਖੁਲਾਸਾ ਕੀਤਾ ਕਿ ਇਹ ਤਜਰਬਾ ਸਰਟੀਫਿਕੇਟ ਉਸ ਨੂੰ ਪੰਜਾਬ ਸਥਿਤ ਇੱਕ ਨਿੱਜੀ ਲੈਬ ਦੇ ਸੰਚਾਲਕ ਸਰਬਨ ਸਿੰਘ ਨੇ ਮੁਹੱਈਆ ਕਰਵਾਇਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਸਦੇ ਲਈ ਉਸ ਨੇ ਉਸ ਨੂੰ 8,000 ਰੁਪਏ ਦਾ ਭੁਗਤਾਨ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੇ ਆਧਾਰ 'ਤੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖਾਸ ਇਲਾਕੇ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸਬੰਧਤ ਲੈਬ ਦਾ ਸੰਚਾਲਕ ਹੈ।
ਪੁਲੀਸ ਅਨੁਸਾਰ, ਜਾਂਚ ਦੌਰਾਨ ਲੈਬ ਵਿੱਚੋਂ ਉਹ ਸੀ ਪੀ ਯੂ (CPU) ਵੀ ਬਰਾਮਦ ਕੀਤਾ ਗਿਆ, ਜਿਸ ਦੀ ਵਰਤੋਂ ਕਥਿਤ ਤੌਰ 'ਤੇ ਫਰਜ਼ੀ ਤਜਰਬਾ ਸਰਟੀਫਿਕੇਟ ਤਿਆਰ ਕਰਨ ਲਈ ਕੀਤੀ ਗਈ ਸੀ।
ਪੁਲੀਸ ਨੇ ਕਿਹਾ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਲੋਕਾਂ ਦੀ ਸੰਭਾਵੀ ਸ਼ਮੂਲੀਅਤ, ਸਾਜ਼ਿਸ਼ ਦੇ ਪਹਿਲੂਆਂ ਅਤੇ ਹੋਰ ਸਬੂਤਾਂ ਦਾ ਪਤਾ ਲਗਾਇਆ ਜਾ ਸਕੇ।

