India-US trade deal: ਭਾਰਤ-ਅਮਰੀਕਾ ਸਮਝੌਤਾ ‘ਮੇਕ ਇਨ ਇੰਡੀਆ’ ਨੂੰ ਉਤਸ਼ਾਹਿਤ ਕਰੇਗਾ: ਜੈਸ਼ੰਕਰ
ਟਰੰਪ ਨੇ ਭਾਰਤ ’ਤੇ ਟੈਕਸ ਘਟਾ ਕੇ 18 ਫੀਸਦੀ ਕੀਤਾ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੋਵਾਂ ਅਰਥਵਿਵਸਥਾਵਾਂ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਦੇਸ਼ ਦੇ ‘ਮੇਕ ਇਨ ਇੰਡੀਆ’ ਯਤਨਾਂ ਨੂੰ ਮਜ਼ਬੂਤ ਕਰੇਗਾ।
ਅਮਰੀਕਾ ਦੇ ਤਿੰਨ ਦਿਨਾ ਦੌਰੇ ’ਤੇ ਆਏ ਜੈਸ਼ੰਕਰ ਨੇ ਕਿਹਾ ਕਿ ਉਹ ਦੁਵੱਲੇ ਵਪਾਰ ਸਬੰਧੀ ਕੀਤੇ ਐਲਾਨਾਂ ਦਾ ਸਵਾਗਤ ਕਰਦੇ ਹਨ। ਭਾਰਤ ਅਤੇ ਅਮਰੀਕਾ ਇੱਕ ਵਪਾਰ ਸਮਝੌਤੇ ’ਤੇ ਸਹਿਮਤ ਹੋਏ ਹਨ ਜਿਸ ਤਹਿਤ ਵਾਸ਼ਿੰਗਟਨ ਭਾਰਤੀ ਵਸਤੂਆਂ ’ਤੇ ਟੈਰਿਫ ਨੂੰ 25 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕਰੇਗਾ। ਇਸ ਸਬੰਧੀ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ’ਤੇ ਗੱਲਬਾਤ ਕਰਨ ਤੋਂ ਬਾਅਦ ਕੀਤਾ।
ਜੈਸ਼ੰਕਰ ਨੇ ਐਕਸ ’ਤੇ ਇੱਕ ਪੋਸਟ ਪਾ ਕੇ ਕਿਹਾ, ‘ਇਸ ਸਮਝੌਤੇ ਨਾਲ ਨੌਕਰੀਆਂ ਵਧਣਗੀਆਂ ਤੇ ਇਹ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਦੋਵਾਂ ਅਰਥਵਿਵਸਥਾਵਾਂ ਵਿੱਚ ਨਵੇਂ ਕੰਮ ਹੋਣਗੇ। ਇਹ ਮੇਕ ਇਨ ਇੰਡੀਆ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰੇਗਾ ਅਤੇ ਤਕਨਾਲੋਜੀ ਬਾਰੇ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ। ਸਾਡੇ ਆਰਥਿਕ ਸਬੰਧਾਂ ਵਿੱਚ ਮੌਕੇ ਸੱਚਮੁੱਚ ਬਹੁਤ ਜ਼ਿਆਦਾ ਹਨ ਅਤੇ ਸਾਨੂੰ ਉਨ੍ਹਾਂ ਨੂੰ ਸਾਕਾਰ ਕਰਨ ਦਾ ਵਿਸ਼ਵਾਸ ਹੈ। ਇੱਕ ਮਜ਼ਬੂਤ ਆਰਥਿਕ ਸਬੰਧ ਸਾਡੀ ਰਣਨੀਤਕ ਭਾਈਵਾਲੀ ਦੀ ਸਭ ਤੋਂ ਮਜ਼ਬੂਤ ਨੀਂਹ ਹੈ।’
ਵਪਾਰ ਸਮਝੌਤੇ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ‘ਮੇਡ ਇਨ ਇੰਡੀਆ’ ਉਤਪਾਦਾਂ ’ਤੇ ਹੁਣ ਟੈਕਸ ਵਿਚ ਕਟੌਤੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਤੇ ਭਾਰਤ ਵਪਾਰ ਸਮਝੌਤੇ ਲਈ ਸਹਿਮਤ ਹੋ ਗਏ ਹਨ। ਇਸ ਕਰਾਰ ਤਹਿਤ ਅਮਰੀਕਾ ਭਾਰਤ ਤੋਂ ਦਰਾਮਦ ਵਸਤਾਂ ’ਤੇ ਲੱਗਦੇ ਟੈਰਿਫ ਨੂੰ 25 ਫੀਸਦ ਤੋਂ ਘਟਾ ਕੇ 18 ਫੀਸਦ ਕਰੇਗਾ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਨੇ ਰੂਸੀ ਤੇਲ ਦੀ ਖਰੀਦ ਬੰਦ ਕਰਨ ਦੀ ਸਹਿਮਤੀ ਦਿੱਤੀ ਹੈ ਤੇ ਉਹ ਹੁਣ ਅਮਰੀਕਾ ਤੇ ਵੈਨੇਜ਼ੁਏਲਾ ਤੋਂ ਵੱਧ ਤੇਲ ਖਰੀਦੇਗਾ। ਅਮਰੀਕੀ ਸਦਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲਬਾਤ ਮਗਰੋੋਂ ਦੋਵੇਂ ਮੁਲਕਾਂ ਵਿਚ ਵਪਾਰ ਸਮਝੌਤੇ ਬਾਰੇ ਸਹਿਮਤੀ ਬਣੀ ਹੈ। ਨਵੀਂ ਦਿੱਲੀ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸੋਸ਼ਲ ਮੀਡੀਆ ਪੋਸਟ ਵਿਚ ਸੋਮਵਾਰ ਨੂੰ ਟਰੰਪ-ਮੋਦੀ ਗੱਲਬਾਤ ਦੀ ਪੁਸ਼ਟੀ ਕੀਤੀ।

